ਮਲੇਰਕੋਟਲਾ: ਪੰਜਾਬ ਵਿੱਚ ਪਰਾਲੀ ਸਾੜਣ ਦੀ ਸਮੱਸਿਆਂ ਕਿਤੇ-ਨਾ-ਕਿਤੇ ਸਾਹਮਣੇ ਆ ਰਹੀ ਹੈ। ਕਈ ਜਾਗਰੂਕ ਕਿਸਾਨ ਅਜਿਹਾ ਕਰਨ ਤੋਂ ਪਰਹੇਜ਼ ਵੀ ਕਰ ਰਹੇ ਹਨ, ਪਰ ਕਈ ਅਜੇ ਵੀ ਰਵਾਇਤੀ ਖੇਤੀ ਅਪਣਾ ਰਹੇ ਹਨ। ਇਸ ਦੇ ਚੱਲਦਿਆ ਕਿਸਾਨਾਂ ਨੂੰ ਅੱਗ ਲਗਾਉਣ ਤੋਂ ਰੋਕਣ ਅਤੇ ਇਸ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕਰਨ ਲਈ ਮਲੇਰਕੋਟਲਾ ਅਤੇ ਅਹਿਮਦਗੜ੍ਹ ਸਬ ਡਵੀਜ਼ਨ ਦੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੇ ਐਸਡੀਐਮ ਦੀ ਅਗਵਾਈ ਹੇਠ ਇਕ ਫਲੈਗ ਮਾਰਚ ਕੱਢਿਆ।
ਐਸਡੀਐਮ ਦਫ਼ਤਰ, ਮਲੇਰਕੋਟਲਾ ਤੋਂ ਸ਼ੁਰੂ ਹੋਇਆ ਇਹ ਫਲੈਗ ਮਾਰਚ ਰਾਏਕੋਟ ਰੋਡ, ਖਟੜਾ ਆਦਿ ਪਿੰਡਾਂ ਤੋਂ ਹੁੰਦਾ ਹੋਇਆ ਸੰਦੌੜ ਦਾਣਾ ਮੰਡੀ ਵਿਖੇ ਪੁੱਜਾ। ਇੱਥੇ ਕਿਸਾਨਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਵਿਕਰਮਜੀਤ ਸਿੰਘ ਪਾਂਥੇ ਨੇ ਅਪੀਲ ਕੀਤੀ ਕਿ ਉਹ ਆਪਣੇ ਖੇਤਾਂ ਵਿਚ ਰਹਿੰਦ ਖੂਹੰਦ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ।
ਵਿਕਰਮਜੀਤ ਸਿੰਘ ਪਾਂਥੇ ਨੇ ਕਿਸਾਨਾਂ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਵੀ ਵਿਸਥਾਰ ਵਿਚ ਦੱਸਿਆ। ਪਾਂਥੇ ਨੇ ਕਿਹਾ ਕਿ ਖੇਤਾਂ ਵਿਚ ਅੱਗ ਲਗਾਉਣ ਨਾਲ, ਜਿੱਥੇ ਹਵਾ ਵਿੱਚ ਪ੍ਰਦੂਸ਼ਣ ਫ਼ੈਲਦਾ ਹੈ, ਉੱਥੇ ਹੀ ਸੜਕੀ ਹਾਦਸਿਆਂ ਵਿੱਚ ਵੀ ਵਾਧਾ ਹੁੰਦਾ ਹੈ। ਇਸ ਤੋਂ ਇਲਾਵਾ ਬਜ਼ੁਰਗਾਂ ਅਤੇ ਸਾਹ ਦੇ ਮਰੀਜ਼ਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।