ਧੂਰੀ 'ਚ ਮਰਨ ਵਰਤ 'ਤੇ ਬੈਠੇ ਕਿਸਾਨਾਂ ਦਾ ਅੱਠਵੇਂ ਦਿਨ ਵੀ ਪ੍ਰਦਰਸ਼ਨ ਜਾਰੀ - ਧੂਰੀ
ਧੂਰੀ 'ਚ ਮਰਨ ਵਰਤੇ 'ਤੇ ਬੈਠੇ ਕਿਸਾਨਾਂ ਦਾ ਅੱਠਵਾਂ ਦਿਨ। ਗੰਨੇ ਦੀ ਫ਼ਸਲ ਦੀ ਬਕਾਇਆ ਰਾਸ਼ੀ ਨਾ ਮਿਲਣ ਕਰਕੇ ਐੱਸ.ਡੀ.ਐੱਮ ਦੇ ਦਫ਼ਤਰ ਦੀ ਛੱਤ 'ਤੇ ਚੜ੍ਹ ਕੇ ਸਰਕਾਰ ਤੇ ਗੰਨਾ ਮਿੱਲ ਮਾਲਕਾਂ ਵਿਰੁੱਧ ਕੀਤੀ ਨਾਅਰੇਬਾਜ਼ੀ।
ਮਰਨ ਵਰਤ 'ਤੇ ਬੈਠੇ ਕਿਸਾਨ
ਧੂਰੀ: ਸ਼ਹਿਰ 'ਚ ਆਪਣੀਆਂ ਮੰਗਾਂ ਨੂੰ ਲੈ ਕੇ ਮਰਨ ਵਰਤ 'ਤੇ ਬੈਠੇ ਕਿਸਾਨ ਪੈਟਰੋਲ ਦੀਆਂ ਬੋਤਲਾਂ ਤੇ ਹੱਥਾਂ ਵਿੱਚ ਸਲਫ਼ਾਸ ਦੀਆਂ ਗੋਲੀਆਂ ਲੈ ਕੇ ਐੱਸ.ਡੀ.ਐੱਮ ਦਫ਼ਤਰ ਦੀ ਛੱਤ 'ਤੇ ਚੜ੍ਹ ਗਏ। ਕਿਸਾਨਾਂ ਨੇ ਸਰਕਾਰ 'ਤੇ ਗੰਨਾ ਮਿੱਲ ਮਾਵਕਾਂ ਵਿਰੁੱਧ ਨਾਅਰੇਬਾਜ਼ੀ ਕੀਤੀ।
ਦਰਅਸਲ, ਪਿਛਲੇ ਅੱਠ ਦਿਨਾਂ ਤੋਂ ਕਿਸਾਨ ਗੰਨੇ ਦੀ ਫ਼ਸਲ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਮਰਨ ਵਰਤ 'ਤੇ ਬੈਠੇ ਹਨ। ਪਰ ਉਨ੍ਹਾਂ ਦੀ ਸਰਕਾਰ ਵਲੋਂ ਕੋਈ ਸਾਰ ਨਹੀਂ ਲਈ ਜਾ ਰਹੀ। ਇੰਨਾਂ ਹੀ ਨਹੀਂ ਪਿਛਲੇ ਦਿਨੀਂ ਤਾਂ ਪੁਲਿਸ ਨੇ ਮਰਨ ਵਰਤ 'ਤੇ ਬੈਠੇ ਕਿਸਾਨ ਉਜਾਗਰ ਸਿੰਘ ਨੂੰ ਜ਼ਬਰਦਸਤੀ ਹਸਪਤਾਲ ਭੇਜ ਦਿੱਤਾ ਸੀ ਪਰ ਕਿਸਾਨਾਂ ਦਾ ਸੰਘਰਸ਼ ਜਾਰੀ ਰਿਹਾ ਤੇ ਫਿਰ ਕਿਸਾਨ ਸ਼ਿੰਗਾਰਾ ਸਿੰਘ ਮਰਨ ਵਰਤ 'ਤੇ ਬੈਠ ਗਿਆ। ਦੱਸ ਦਈਏ, ਸਵੇਰੇ ਕਿਸਾਨਾਂ ਦੀ ਮਰਨ ਵਰਤ ਵਾਲੀ ਥਾਂ 'ਤੇ ਧਾਰਾ 144 ਵੀ ਲਾਗੂ ਕਰ ਦਿੱਤੀ ਗਈ ਸੀ।
ਕਿਸਾਨਾਂ ਦਾ ਕਹਿਣਾ ਹੈ ਜਦੋਂ ਤੱਕ ਉਨ੍ਹਾਂ ਦੀ ਫ਼ਸਲ ਦੀ ਬਕਾਇਆ ਰਾਸ਼ੀ ਨਹੀਂ ਮਿਲਦੀ ਉਦੋਂ ਤੱਕ ਸੰਘਰਸ਼ ਜਾਰੀ ਰੱਖਣਗੇ। ਇਸ ਤੋਂ ਇਲਾਵਾ ਉਹ ਗੰਨਾ ਮਿੱਲਾਂ ਦਾ ਪੁਤਲਾ ਸਾੜ ਕੇ ਸੰਘਰਸ਼ ਨੂੰ ਸੂਬੇ ਤੱਕ ਲੈ ਕੇ ਜਾਣਗੇ। ਇਸ ਮੌਕੇ ਐਸਡੀਐਮ ਸਤਵੰਤ ਸਿੰਘ ਨੇ ਕਿਹਾ ਕਿ ਕਿਸਾਨਾਂ ਦੀ ਮੁਸ਼ਕਲ ਦਾ ਹੱਲ ਛੇਤੀ ਹੀ ਅਧਿਕਾਰੀਆਂ ਨਾਲ ਮਿਲ ਕੇ ਕਰਵਾਇਆ ਜਾਵੇਗਾ।