ਮਲੇਰਕੋਟਲਾ: ਬੇਸਹਾਰਾ ਪਸ਼ੂ ਕਿਸਾਨਾਂ ਦੀਆਂ ਮਿਹਨਤ ਨਾਲ ਪਾਲੀਆਂ ਫਸਲਾਂ ਦਾ ਉਜਾੜਾ ਕਰ ਰਹੇ ਹਨ ਜਿਸ ਦੇ ਚੱਲਦਿਆਂ ਕਿਸਾਨਾਂ ਅਤੇ ਕਿਸਾਨ ਯੂਨੀਅਨ ਨੇ ਅਲੱਗ-ਅਲੱਗ ਪਿੰਡਾਂ ਵਿੱਚੋਂ ਬੇਸਹਾਰਾ ਪਸ਼ੂਆਂ ਨੂੰ ਫੜ ਕੇ ਮਾਲੇਰਕੋਟਲਾ ਦੇ ਤਹਿਸੀਲ ਦਫਤਰ ਲਿਆਂਦਾ।
ਕਿਸਾਨਾ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਆਸ਼ਵਾਸਨ ਦਿਵਾਇਆ ਗਿਆ ਸੀ ਕਿ ਉਹ ਸਾਰੇ ਪਸ਼ੂਆਂ ਨੂੰ ਗਊਸ਼ਾਲਾ ਛੱਡ ਸਕਦੇ ਹਨ ਪਰ ਜਦੋਂ ਕਿਸਾਨ ਟਰਾਲੀਆਂ ਵਿੱਚ ਬੇਸਹਾਰਾ ਪਸ਼ੂਆਂ ਨੂੰ ਗੁਰਾਲਾ ਵਿਖੇ ਛੱਡਣ ਗਏ ਤਾਂ ਗਊਸ਼ਾਲਾ ਵਾਲਿਆਂ ਨੇ ਗੇਟ ਹੀ ਨਹੀਂ ਖੋਲ੍ਹਿਆ।
ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀ ਵੀ ਉੱਥੇ ਮੌਜੂਦ ਸਨ ਪਰ ਉਨ੍ਹਾਂ ਦੀ ਹਾਜ਼ਰੀ ਵਿੱਚ ਵੀ ਗੇਟ ਨਹੀਂ ਖੋਲ੍ਹਿਆ ਗਿਆ। ਕਈ ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਕਿਸਾਨ ਯੂਨੀਅਨ ਦੇ ਆਗੂਆਂ ਅਤੇ ਕਿਸਾਨਾਂ ਨੇ ਇਕੱਠੇ ਹੋ ਕੇ ਮਲੇਰਕੋਟਲਾ ਸੰਗਰੂਰ ਮੁੱਖ ਮਾਰਗ 'ਤੇ ਘੰਟਿਆਂ ਬੱਧੀ ਜਾਮ ਲਗਾਈ ਰੱਖਿਆ ਅਤੇ ਟਰਾਲੀਆਂ ਵਿੱਚ ਭਰੇ ਬੇਸਹਾਰਾ ਪਸ਼ੂਆਂ ਨੂੰ ਵੀ ਉੱਥੇ ਖੜ੍ਹਾ ਕਰ ਦਿੱਤਾ ਅਤੇ ਮੰਗ ਕੀਤੀ ਗਈ ਕਿ ਜਦ ਤੱਕ ਗਊਸ਼ਾਲਾ ਦਾ ਗੇਟ ਨਹੀਂ ਖੁੱਲ੍ਹਦਾ ਅਤੇ ਇਹ ਬੇਸਹਾਰਾ ਪਸ਼ੂ ਛੱਡ ਨਹੀਂ ਆਉਂਦੇ ਇਸ ਵੇਲੇ ਤੱਕ ਉਹ ਇਹ ਧਰਨਾ ਖਤਮ ਨਹੀਂ ਕਰਨਗੇ।
ਕਿਸਾਨਾਂ ਨੇ ਆਪਣਾ ਦੁੱਖ ਸੁਣਾਉਂਦਇਆਂ ਦੱਸਿਆ ਕਿ ਪਸ਼ੂ ਉਨ੍ਹਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਦਾ ਨੁਕਸਾਨ ਕਰਦੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਦਿਨ ਰਾਤ ਆਪਣੇ ਖੇਤਾਂ ਵਿਚੋਂ ਪਸ਼ੂਆਂ ਨੂੰ ਬਾਹਰ ਕੱਢਦੇ ਰਹਿੰਦੇ ਹਨ। ਇੱਕ ਪ੍ਰਦਰਸ਼ਕਾਰੀ ਦਾ ਨੇ ਸਵਾਲ ਕੀਤਾ ਕਿ ਜੇਕਰ ਪੰਜਾਬ ਸਰਕਾਰ ਉਨ੍ਹਾਂ ਤੋਂ ਗਊ ਟੈਕਸ ਲੈਂਦੀ ਹੈ ਉਹ ਕਿੱਥੇ ਖਰਚ ਕੀਤਾ ਜਾਂਦਾ ਹੈ। ਹਰ ਇੱਕ ਚੀਜ਼ 'ਤੇ ਉਨ੍ਹਾਂ ਤੋਂ ਟੈਕਸ ਵਸੂਲਿਆ ਜਾਂਦਾ ਹੈ
ਪਰ ਇਨ੍ਹਾਂ ਬੇਸਹਾਰਾ ਪਸ਼ੂਆਂ ਨੂੰ ਸਾਂਭਿਆ ਨਹੀਂ ਜਾਂਦਾ। ਉਨ੍ਹਾਂ ਸਰਕਾਰ ਨੂੰ ਕਿਹਾ ਕਿ ਜੇਕਰ ਉਹ ਟੈਕਸ ਵਸੂਲਦੇ ਹਨ ਤਾਂ ਇਨ੍ਹਾਂ ਬੇਸਹਾਰਾ ਪਸ਼ੂਆਂ ਨੂੰ ਵੀ ਉਹ ਸਾਂਭਣ।