ਸੰਗਰੂਰ: ਫਸਲ ਮੰਡੀਆਂ ਵਿੱਚ ਆਉਣ ਤੋਂ ਪਹਿਲਾਂ ਸਰਕਾਰ ਵੱਲੋਂ ਕਿਸਾਨਾਂ ਨਾਲ ਵੱਡੇ-ਵੱਡੇ ਵੱਡੇ ਵਾਅਦੇ ਕੀਤੇ ਗਏ ਸਨ। ਖਾਸ ਕਰਕੇ ਜਦੋਂ ਕਿਸਾਨਾਂ ਦੀ ਫ਼ਸਲ ਮੰਡੀਆਂ ਵਿੱਚ ਆਉਂਦੀ ਹੈ ਉਦੋਂ ਕਿਸਾਨਾਂ ਨੂੰ ਕਿਹਾ ਜਾਂਦਾ ਹੈ ਕਿ ਫ਼ਸਲ ਦਾ ਮੁੱਲ ਪੂਰਾ ਮਿਲੇਗਾ। ਕਈ ਵਾਰ ਤਾਂ ਕਿਸਾਨਾਂ ਨੂੰ ਹੋਰ ਫ਼ਸਲ ਬੀਜਣ ਲਈ ਵੀ ਪ੍ਰੇਰਿਤ ਕੀਤਾ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿਸਾਨਾਂ ਨੂੰ ਸਬਸਿਡੀ ਵੀ ਮਿਲੇਗੀ। ਪਰ ਜਦੋਂ ਕਿਸਾਨ ਆਪਣੀ ਫ਼ਸਲ ਨੂੰ ਮੰਡੀ ਵਿੱਚ ਲੈ ਆਉਂਦਾ ਹੈ ਤਾਂ ਸਰਕਾਰਾਂ ਵੱਲੋਂ ਕਿਸਾਨਾਂ ਨਾਲ ਧੋਖਾ ਕੀਤਾ ਜਾਂਦਾ ਹੈ ।ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹੇ ਸੰਗਰੂਰ ਦੇ ਪਿੰਡ ਘਰਾਚੋਂ ਤੋਂ ਜਿੱਥੇ ਅਨਾਜ ਮੰਡੀ ਘਰਾਚੋਂ ਦੇ ਵਿੱਚ ਘੱਟ ਰੇਟ 'ਤੇ ਕਣਕ ਦੀ ਬੋਲੀ ਲਗਾਈ ਗਈ।
ਕਿਸਾਨਾਂ ਵੱਲੋਂ ਵਿਰੋਧ: ਇਸ ਮੌਕੇ ਕਣਕ ਦੀ ਬੋਲੀ ਲਾਉਣ ਆਏ ਅਧਿਕਾਰੀਆ ਦਾ ਕਿਸਾਨਾਂ ਨੇ ਘਿਰਾਓ ਕੀਤਾ । ਦਸ ਦਈਏ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਭਵਾਨੀਗੜ੍ਹ ਦੇ ਪਿੰਡ ਘਰਾਚੋਂ ਵਿਖੇ ਇਕਾਈ ਪ੍ਰਧਾਨ ਰਘਬੀਰ ਸਿੰਘ ਘਰਾਚੋਂ ਦੀ ਅਗਵਾਈ ਹੇਠ ਕਣਕ ਦੀ ਬੋਲੀ ਘੱਟ ਰੇਟ 'ਤੇ ਲਾਉਣ ਆਏ ਅਧਿਕਾਰੀਆ ਦਾ ਘਿਰਾਓ ਕੀਤਾ ਗਿਆ।ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਨ੍ਹਾਂ ਮੀਡੀਆ ਸਾਹਮਣੇ ਮੁਖਾਤਿਬ ਹੁੰਦੇ ਕਿਹਾ ਕਿ ਕਿਸਾਨ ਆਪਣੇ -ਆਪ 'ਚ ਲੁੱਟਿਆ ਹੋਇਆ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਆਖਿਆ ਕਿ ਸਾਡੀ ਸਾਰੀ ਫ਼ਸਲ ਠੀਕ ਹੈ ਫਿਰ ਵੀ ਸਰਕਾਰ ਵੱਲੋਂ ਘੱਟ ਰੇਟ 'ਤੇ ਫ਼ਸਲ ਖਰੀਦੀ ਜਾ ਰਹੀ ਹੈ, ਜਿਸ ਦਾ ਅਸੀਂ ਜ਼ੋਰਦਾਰ ਵਿਰੋਧ ਕਰਦੇ ਹਾਂ।