ਸੰਗਰੂਰ: ਪੰਜਾਬ ਵਿੱਚ 10 ਜੂਨ ਤੋਂ ਕੋਰੋਨਾ ਦੇ ਪ੍ਰਛਾਵੇਂ ਹੇਠ ਝੋਨੇ ਦੀ ਬਿਜਾਈ ਸਰਕਾਰੀ ਹੁਕਮਾਂ ਅਨੁਸਾਰ ਸ਼ੁਰੂ ਹੋ ਚੁੱਕੀ ਹੈ। ਇਸ ਵਰ੍ਹੇ ਕੋਰੋਨਾ ਕਾਰਨ ਉਪਜੀ ਸਥਿਤੀ ਕਾਰਨ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਲਈ ਕਈ ਪ੍ਰਕਾਰ ਦੀਆਂ ਦਿੱਕਤਾ ਨਾਲ ਦੋ-ਚਾਰ ਹੋਣ ਪੈ ਰਿਹਾ ਹੈ। ਇਨ੍ਹਾਂ ਦਿੱਕਤਾਂ ਵਿੱਚੋਂ ਵੱਡੀ ਦਿਕੱਤ ਹੈ ਮਜ਼ਦੂਰਾਂ ਦੀ ਘਾਟ ਜਿਸ ਕਾਰਨ ਕਿਸਾਨ ਚਿੰਤਾਂ ਵਿੱਚ ਹਨ। ਸੰਗਰੂਰ ਜ਼ਿਲ੍ਹੇ ਦੇ ਕਿਸਾਨਾਂ ਨੂੰ ਵੀ ਇਸ ਤਰ੍ਹਾਂ ਦੀਆਂ ਹੀ ਦਿਕੱਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਆਪਣੇ ਖ਼ਰਚੇ 'ਤੇ ਯੂਪੀ ਅਤੇ ਬਿਹਾਰ ਤੋਂ ਮਜ਼ਦੂਰਾਂ ਨੂੰ ਲਿਉਣ ਲਈ ਮਜ਼ਬੂਰ ਹਨ।
ਹਾਲਾਂਕਿ ਕਿਸਾਨਾਂ ਨੇ ਜ਼ਿਲ੍ਹੇ ਵਿੱਚ ਝੋਨੇ ਦੀ ਲੁਆਈ ਸ਼ੁਰੂ ਕਰ ਦਿੱਤੀ ਹੈ ਪਰ ਮਜ਼ਦੂਰਾਂ ਦੀ ਘਾਟ ਅਤੇ ਪੇਂਡੂ ਮਜ਼ਦੂਰਾਂ ਵੱਲੋਂ ਵੱਧ ਮਜ਼ਦੂਰੀ ਦੀ ਮੰਗ ਕਿਸਾਨਾਂ ਲਈ ਵੱਡੀ ਸਿਰ ਦਰਦੀ ਬਣ ਚੁੱਕੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਮਨਜੀਤ ਸਿੰਘ ਘਰਾਚੋਂ ਨੇ ਦੱਸਿਆ ਕਿ ਸਰਕਾਰ ਨੇ ਕਿਸਾਨਾਂ ਦੀ ਇਸ ਮਾਮਲੇ ਵਿੱਚ ਕੋਈ ਮਦਦ ਨਹੀਂ ਕੀਤੀ।
ੳੇੁਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਆਮਦ ਬਿਲਕੁਲ ਨਹੀਂ ਹੈ ਅਤੇ ਪੇਂਡੂ ਮਜ਼ਦੂਰਾਂ ਵੱਧ ਮਜ਼ਦੂਰੀ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਇਸ ਸਕੰਟ ਦੇ ਦੌਰ ਵਿੱਚ ਮਜ਼ਦੂਰਾਂ ਅਤੇ ਕਿਸਾਨਾਂ ਦੀ ਏਕਤਾ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਕਿਹਾ ਸੀ ਜੋ ਕਿ ਬਹੁਤੀ ਸਹਾਈ ਸਿੱਧ ਨਹੀਂ ਹੋ ਰਹੀ।