ਸੰਗਰੂਰ:ਹਲਕਾ ਲਹਿਰਾ ਦੇ ਖਨੌਰੀ-ਮੂਨਕ ਕੋਲੋਂ ਵਹਿਣ ਵਾਲੀ ਘੱਗਰ ਨਦੀ ਅਚਾਨਕ ਇੱਕ ਵਾਰ ਫਿਰ ਪੂਰੇ ਉਫਾਨ 'ਤੇ ਚੱਲ ਰਹੀ ਹੈ ਅਤੇ ਖਤਰੇ ਦੇ ਨਿਸ਼ਾਨ ਕੋਲ ਪਹੁੰਚ ਗਈ ਹੈ। ਜਿਸ ਕਾਰਨ ਪ੍ਰਸ਼ਾਸਨ ਹਾਈ ਅਲਰਟ ਹੋ ਚੁੱਕਿਆ ਹੈ। ਇਸ ਸਬੰਧੀ ਮੌਕੇ 'ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਘੱਗਰ ਨਦੀ ਵਿਚ ਪਾਣੀ ਦਾ ਲੈਵਲ 746.3 ਫੁੱਟ 'ਤੇ ਪਹੁੰਚ ਚੁੱਕਿਆ ਹੈ ਜਦੋਂ ਕਿ ਖ਼ਤਰੇ ਦਾ ਨਿਸ਼ਾਨ 747 ਫੁੱਟ ਹੈ।
ਇਸ ਕਾਰਨ ਨੇੜੇ ਦੇ ਕਿਸਾਨਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਕਿਸਾਨਾਂ ਵਲੋਂ ਰਾਤ ਜਾਗ ਕੇ ਹੀ ਲੰਘਾਈ ਹੈ ਅਤੇ ਨਾਲ ਹੀ ਕਿਸਾਨ ਘੱਗਰ ਦੇ ਕਿਨਾਰੇ ਪਹਿਰਾ ਦੇ ਰਹੇ ਹਨ। ਕਿਸਾਨ ਤਰਸੇਮ ਸਿੰਘ ਨੇ ਕਿਹਾ ਕਿ ਸਾਨੂੰ ਨੀਂਦ ਨਹੀਂ ਆ ਰਹੀ,ਕਿਉਂਕਿ ਇਹ ਪਹਿਲੀ ਵਾਰ ਹੋਇਆ ਹੈ, ਕਿ ਜਦੋਂ ਪੱਕੀ ਝੋਨੇ ਦੀ ਫਸਲ ਸਮੇਂ ਘੱਗਰ ਦੇ ਪਾਣੀ ਦਾ ਲੈਵਲ ਇੰਨਾ ਵਧਿਆ ਹੋਵੇ।
ਜ਼ਿਕਰਯੋਗ ਹੈ ਕਿ ਕਿਸਾਨਾਂ ਦੀ ਝੋਨੇ ਦੀ ਫਸਲ ਪੱਕ ਕੇ ਬਿਲਕੁਲ ਤਿਆਰ ਹੈ। ਇਸ ਮੌਕੇ 'ਤੇ ਹਾਜ਼ਰ ਕਿਸਾਨਾਂ ਨੇ ਦੱਸਿਆ ਕਿ ਨਦੀ ਵਿੱਚ ਹਰੇਕ ਘੰਟੇ ਪਾਣੀ ਦਾ ਲੈਵਲ ਵਧ ਰਿਹਾ ਹੈ। ਜਿਸ ਕਾਰਨ ਜਿੱਥੇ ਪ੍ਰਸ਼ਾਸਨ ਨੂੰ ਹਾਈ ਅਲਰਟ ਕਰ ਦਿੱਤਾ ਗਿਆ ਹੈ। ਉੱਥੇ ਹੀ ਵੱਧਦੇ ਲੈਵਲ ਨੂੰ ਦੇਖ ਕੇ ਉੱਥੇ ਜੇਬੀਸੀ ਮਸ਼ੀਨਾਂ ਆਦਿ ਖੜ੍ਹੀਆਂ ਕਰ ਦਿੱਤੀਆਂ ਹਨ, ਤਾਂ ਕਿ ਜੇਕਰ ਕਿਸੇ ਪਾਸੋਂ ਘੱਗਰ ਨਦੀ ਵਿਚ ਤਰੇੜ ਆ ਜਾਵੇ ਤਾਂ ਉਸ ਨੂੰ ਤੁਰੰਤ ਸੰਭਾਲਿਆ ਜਾ ਸਕੇ।