ਕਿਸਾਨ ਨੇ ਪਿਛਲੇ ਦੱਸ ਸਾਲਾਂ ਤੋਂ ਨਹੀਂ ਲਾਈ ਪਰਾਲੀ ਨੂੰ ਅੱਗ ਸੰਗਰੂਰ:ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਹਰ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਕਿ ਵਾਢੀ ਤੋਂ ਬਾਅਦ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ। ਜਿਹੜਾ ਕਿਸਾਨ ਪਰਾਲੀ ਨੂੰ ਅੱਗ ਲਗਾਉਂਦਾ ਹੈ ਸਰਕਾਰ ਨੇ ਉਨ੍ਹਾਂ ਲਈ ਜੁਰਮਾਨਾ ਵੀ ਰੱਖਿਆ ਹੋਇਆ ਹੈ ਅਤੇ ਉਨ੍ਹਾਂ ਉੱਤੇ ਪਰਚਾ ਵੀ ਹੁੰਦਾ ਹੈ। ਪਰ, ਕਈ ਕਿਸਾਨ ਲਗਾਤਾਰ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਰਹਿੰਦੇ ਹਨ ਅਤੇ ਆਪਣੀ ਫਸਲ ਦੀ ਪਰਾਲੀ ਨੂੰ ਅੱਗ ਲਗਾਉਂਦੇ ਰਹਿੰਦੇ ਹਨ। ਪਰ, ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਕਿਸਾਨ ਨਾਲ ਮਿਲਾਉਣ ਜਾ ਰਹੇ ਹਾਂ, ਜਿਸ ਨੇ ਪਿਛਲੇ 10 ਸਾਲਾਂ ਤੋਂ ਖੇਤਾਂ ਵਿੱਚ ਪਰਾਲੀ ਨੂੰ ਅੱਗ ਨਹੀਂ ਲਾਈ ਹੈ।
ਵਧੀਆ ਮਿਲ ਰਿਹਾ ਫ਼ਸਲ ਦਾ ਝਾੜ: ਸੰਗਰੂਰ ਦੇ ਨਾਲ ਲੱਗਦੇ ਪਿੰਡ ਕਨੋਈ ਦਾ ਕਿਸਾਨ ਗੁਰਿੰਦਰ ਸਿੰਘ ਗਿੱਲ ਹੋਰਨਾਂ ਕਿਸਾਨਾਂ ਲਈ ਵੀ ਮਿਸਾਲ ਬਣ ਰਿਹਾ ਹੈ। ਇਹ ਕਿਸਾਨ ਹੈਪੀ ਸੀਡਰ ਅਤੇ ਸੁਪਰ ਸੀਡਰ ਨਾਲ ਉਹ ਖੇਤੀ ਕਰ ਰਿਹਾ ਹੈ ਅਤੇ ਪਰਾਲੀ ਨੂੰ ਜ਼ਮੀਨ ਵਿੱਚ ਹੀ ਦੱਬ ਦਿੰਦਾ ਹੈ ਅਤੇ ਉਸ ਦਾ ਕਹਿਣਾ ਹੈ ਕਿ ਉਹ 10 ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਗਾ ਰਿਹਾ ਅਤੇ ਅਤੇ ਉਨ੍ਹਾਂ ਫਸਲ ਬਿਨਾਂ (Stubble Burning In Punjab) ਅੱਗ ਲਗਾਏ ਵੀ ਬਹੁਤ ਵਧੀਆ ਹੁੰਦੀ ਹੈ। ਫ਼ਸਲ ਦਾ ਝਾੜ ਵੀ ਵਧੀਆ ਮਿਲ ਰਿਹਾ ਹੈ।
ਅੱਗ ਲਾਉਣ ਨਾਲ ਹੋ ਰਹੇ ਨੁਕਸਾਨ: ਕਿਸਾਨ ਗੁਰਿੰਦਰ ਨੇ ਈਟੀਵੀ ਭਾਰਤ ਨਾਲ ਗੱਲ ਕਰਦਿਆ ਦੱਸਿਆ ਕਿ ਅੱਗ ਲਗਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘੱਟਦੀ ਹੈ ਅਤੇ ਪਾਣੀ ਦੀ ਖ਼ਪਤ ਵੀ ਜਿਆਦਾ ਮਾਤਰਾ ਵਿੱਚ ਹੁੰਦੀ ਹੈ। ਉਨ੍ਹਾਂ ਕਿਹਾ ਕਿ ਡੀਜ਼ਲ ਦਾ ਖ਼ਰਚਾ ਵੀ ਹੈ ਬਹੁਤ ਜਿਆਦਾ ਘੱਟ ਗਿਆ ਹੈ, ਜਿੱਥੇ ਉਨ੍ਹਾਂ ਦੇ ਪਹਿਲਾਂ ਤੇਲ ਦੇ ਚਾਰ ਢੋਲ ਲੱਗਦੇ ਸੀ, ਹੁਣ ਸਿਰਫ ਇੱਕ ਢੋਲ ਹੀ ਲੱਗਦਾ ਹੈ। ਅੱਗ ਲਗਾਉਣ ਨਾਲ ਕਿਸਾਨ ਦੇ ਜੋ ਮਿੱਤਰ ਕੀਟ ਹਨ, ਉਹ ਵੀ ਮਰ ਜਾਂਦੇ ਹਨ ਅਤੇ ਵਾਤਾਵਰਨ ਵੀ ਦੂਸ਼ਿਤ ਹੁੰਦਾ ਹੈ। ਕਿਸਾਨ ਗੁਰਿੰਦਰ ਸਿੰਘ ਨੇ ਬਾਕੀ ਕਿਸਾਨਾਂ ਨੂੰ ਵੀ ਬੇਨਤੀ ਕੀਤੀ ਕਿ ਉਹ ਵੀ ਆਪਣੀ ਪਰਾਲੀ ਨੂੰ ਅੱਗ ਨਾ ਲਗਾਉਣ।
ਕੇਂਦਰ ਤੇ ਪੰਜਾਬ ਸਰਕਾਰ ਨੇ ਵੀ ਕੀਤਾ ਸਨਮਾਨਿਤ: ਕਿਸਾਨ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਨਾ ਲਾਉਣ ਕਰਕੇ ਕੇਂਦਰ ਸਰਕਾਰ ਵੱਲੋਂ ਅਤੇ ਪੰਜਾਬ ਸਰਕਾਰ ਵੱਲੋਂ ਵੀ ਉਨ੍ਹਾਂ ਨੂੰ ਬੁਲਾ ਕੇ ਸਨਮਾਨਿਤ ਕੀਤਾ ਗਿਆ ਹੈ ਅਤੇ ਪੰਜਾਬ ਸਰਕਾਰ ਵੱਲੋਂ ਤਾਂ ਹਰ ਸਾਲ ਹੀ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜਿਸ ਪਰਾਲੀ ਨੂੰ ਖੇਤਾਂ ਵਿੱਚ ਹੀ ਦਬਾਇਆ ਜਾਂਦਾ ਹੈ, ਉਸ ਦੀ ਨਮੀ ਨਾਲ ਇੱਕ ਤਰ੍ਹਾਂ ਦੀ ਖਾਦ ਤਿਆਰ ਹੋ ਜਾਂਦੀ ਹੈ।
ਪਰਾਲੀ ਦੇ ਧੂੰਏ ਨਾਲ ਗੰਧਲੀ ਹੋ ਰਹੀ ਆਬੋ-ਹਵਾ: ਕਿਸਾਨ ਗੁਰਿੰਦਰ ਸਿੰਘ ਨੇ ਦੱਸਿਆ ਕਿ ਪਰਾਲੀ ਦੇ ਧੂੰਏ ਨਾਲ ਜਿੱਥੇ ਮਿੱਟੀ ਦਾ ਨੁਕਸਾਨ ਹੁੰਦਾ ਹੈ, ਉੱਥੇ ਹੀ, ਵਾਤਾਵਰਨ ਵੀ ਪ੍ਰਦੂਸ਼ਿਤ ਕਰ ਰਿਹਾ ਹੈ। ਇਸ ਗੰਦੇ ਧੂੰਏ ਨਾਲ ਕਈ ਵਾਰ ਸੜਕ ਹਾਦਸੇ ਤੱਕ ਵਾਪਰ ਜਾਂਦੇ ਹਨ। ਇਸ ਤੋਂ ਇਲਾਵਾ, ਮਨੁੱਖੀ ਸਰੀਰ ਨੂੰ ਅੱਖਾਂ ਤੇ ਸਾਹ ਸਬੰਧੀ ਬਿਮਾਰੀਆਂ ਵੀ ਲੱਗ ਜਾਂਦੀਆਂ ਹਨ।