ਸੰਗਰੂਰ: ਗਲਵਾਨ ਘਾਟੀ ਵਿਖੇ ਭਾਰਤ ਅਤੇ ਚੀਨੀ ਫ਼ੌਜੀਆਂ ਦਰਮਿਆਨ ਖ਼ੂਨੀ ਝੜਪ ਹੋਈ ਸੀ। ਜਿਸ ਦੇ ਵਿੱਚ ਭਾਰਤੀ ਫ਼ੌਜ ਦੇ ਕਈ ਜਵਾਨ ਸ਼ਹੀਦ ਹੋਏ ਸਨ। ਇਨ੍ਹਾਂ ਸ਼ਹੀਦ ਜਵਾਨਾਂ ਵਿੱਚ ਪੰਜਾਬ ਦੇ ਵੀ 5 ਜਵਾਨ ਸਨ।
15 ਅਗਸਤ ਪੂਰੇ ਭਾਰਤ ਦੇ ਵਿੱਚ ਜ਼ਰੂਰ ਮਨਾਈ ਜਾ ਰਹੀ ਹੈ, ਪਰ ਜਦੋਂ ਵੀ ਅਜਿਹੇ ਦਿਹਾੜੇ ਆਉਂਦੇ ਹਨ ਤਾਂ ਉਨ੍ਹਾਂ ਸ਼ਹੀਦਾਂ ਦੇ ਘਰਾਂ ਦੇ ਵਿੱਚ ਗਮ ਵਾਲਾ ਮਾਹੌਲ ਰਹਿੰਦਾ ਹੈ। ਪੇਸ਼ ਹੈ ਈਟੀਵੀ ਭਾਰਤ ਦੀ ਖ਼ਾਸ ਰਿਪੋਰਟ।
ਸ਼ਹੀਦੀ ਤੋਂ 1 ਮਹੀਨੇ ਬਾਅਦ ਵੀ ਪਰਿਵਾਰ ਨੂੰ ਲੱਗਦੈ ਕਿ ਉਹ ਘਰ ਆਵੇਗਾ.... ਗਲਵਾਨ ਦੇ ਸ਼ਹੀਦ ਗੁਰਬਿੰਦਰ ਸਿੰਘ
ਗਲਵਾਨ ਘਾਟੀ ਵਿਖੇ ਪੰਜਾਬ ਦੇ ਸ਼ਹੀਦ ਜਵਾਨਾਂ ਵਿੱਚੋਂ ਹੀ ਸੰਗਰੂਰ ਦੇ ਤੋਲੇਵਾਲ ਦੇ ਸ਼ਹੀਦ ਗੁਰਬਿੰਦਰ ਸਿੰਘ ਸਨ। ਸ਼ਹੀਦ ਗੁਰਬਿੰਦਰ ਸਿੰਘ ਦਾ ਜਨਮ 2 ਜੂਨ 1998 ਨੂੰ ਮਾਤਾ ਚਰਨਜੀਤ ਕੌਰ ਅਤੇ ਪਿਤਾ ਲਾਭ ਸਿੰਘ ਦੇ ਘਰ ਹੋਇਆ ਸੀ। ਗੁਰਬਿੰਦਰ ਦਾ ਬਚਪਨ ਤੋਂ ਹੀ ਦੇਸ਼ ਦੀ ਸੇਵਾ ਕਰਨ ਦਾ ਸ਼ੌਕ ਸੀ ਅਤੇ 24 ਮਾਰਚ 2018 ਨੂੰ ਗੁਰਬਿੰਦਰ ਦਾ ਸੁਪਨਾ ਪੂਰਾ ਹੋ ਗਿਆ ਸੀ। 15 ਜੂਨ, 2020 ਨੂੰ ਦੇਸ਼ ਦੇ ਦੁਸ਼ਮਣਾਂ ਨਾਲ ਲੜਦਿਆਂ ਚੀਨ ਦੇ ਬਾਰਡਰ ਉੱਤੇ ਉਨ੍ਹਾਂ ਸ਼ਹਾਦਤ ਦਾ ਜਾਮ ਪੀ ਲਿਆ ਅਤੇ 19 ਜੂਨ ਨੂੰ ਉਨ੍ਹਾਂ ਨੂੰ ਸਰਕਾਰੀ ਸਨਮਾਨ ਦੇ ਨਾਲ-ਨਾਲ ਅੰਤਿਮ ਵਿਦਾਈ ਦਿੱਤੀ ਗਈ ਸੀ।
ਸ਼ਹੀਦੀ ਨੂੰ ਮਹੀਨੇ ਤੋਂ ਵੱਧ ਦਾ ਹੋ ਗਿਆ ਸਮਾਂ
ਈਟੀਵੀ ਭਾਰਤ ਦੀ ਟੀਮ ਵੱਲੋਂ ਸ਼ਹੀਦ ਗੁਰਬਿੰਦਰ ਸਿੰਘ ਦੇ ਘਰ ਦਾ ਦੌਰਾ ਕੀਤਾ ਅਤੇ ਪਰਿਵਾਰ ਨਾਲ ਗੱਲਬਾਤ ਕੀਤੀ ਗਈ। ਪਰਿਵਾਰ ਨੇ ਦੱਸਿਆ ਕਿ ਭਾਵੇਂ ਕਿ ਗੁਰਬਿੰਦਰ ਦੀ ਸ਼ਹੀਦੀ ਨੂੰ 1 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਪਰ ਅੱਜ ਵੀ ਇਸੇ ਤਰ੍ਹਾਂ ਲੱਗਦਾ ਹੈ ਕਿ ਗੁਰਬਿੰਦਰ ਵਾਪਸ ਘਰ ਆਵੇਗਾ। ਉਹ ਜਦ ਵੀ ਘਰ ਆਉਂਦਾ ਸੀ ਤਾਂ ਹਮੇਸ਼ਾ ਹੀ ਫ਼ੌਜ ਦੀਆਂ ਗੱਲਾਂ ਕਰਦਾ ਰਹਿੰਦਾ ਸੀ, ਪਰ ਕਦੇ ਵੀ ਉਸ ਨੇ ਇਹ ਨਹੀਂ ਕਿਹਾ ਕਿ ਉਸ ਨੂੰ ਫ਼ੌਜ ਵਿੱਚ ਕੋਈ ਮੁਸ਼ਕਿਲ ਹੈ।
ਬਚਪਨ ਤੋਂ ਹੀ ਸ਼ੌਂਕ ਸੀ ਫ਼ੌਜ ਦਾ
ਸ਼ਹੀਦ ਦੀ ਮਾਤਾ ਅਤੇ ਭਰਾ ਨੇ ਦੱਸਿਆ ਕਿ ਗੁਰਬਿੰਦਰ ਸਿੰਘ ਨੂੰ ਬਚਪਨ ਤੋਂ ਹੀ ਫ਼ੌਜ ਵਿੱਚ ਜਾਣ ਦਾ ਸ਼ੌਂਕ ਸੀ। ਮਾਂ ਨੇ ਦੱਸਿਆ ਕਿ ਬਚਪਨ ਵਿੱਚ ਇੱਕ ਵਾਰ ਉਹ ਦਰਖ਼ਤ ਉੱਤੇ ਚੜ੍ਹ ਗਿਆ ਸੀ ਤੇ ਮੈਂ ਉਸ ਨੂੰ ਰੋਕਿਆ, ਪਰ ਉਸ ਨੇ ਜਵਾਬ ਵਿੱਚ ਕਿਹਾ ਕਿ ਜੇ ਮੈਂ ਹੁਣ ਤੋਂ ਡਰ ਗਿਆ ਤਾਂ ਫ਼ੌਜ ਵਿੱਚ ਜਾ ਕੇ ਪਹਾੜੀ ਤੋਂ ਕਿਵੇਂ ਛਾਲ ਮਾਰਾਂਗਾ। ਭਰਾ ਨੇ ਦੱਸਿਆ ਕਿ ਜਦੋਂ ਵੀ ਗੁਰਬਿੰਦਰ ਛੁੱਟੀ 'ਤੇ ਆਇਆ ਕਰਦਾ ਸੀ ਤਾਂ ਉਹ ਮੇਰੇ ਨਾਲ ਖੇਤੀ ਵਿੱਚ ਵੀ ਹੱਥ ਵਟਾਉਂਦਾ ਸੀ ਅਤੇ ਉਹ ਟਰੈਕਟਰ ਚਲਾਉਣ ਦਾ ਸ਼ੌਕੀਨ ਸੀ।