ਮਲੇਰਕੋਟਲਾ: ਸਕੂਲਾਂ ਅਤੇ ਕਾਲਜਾਂ ਦੀ ਪੜ੍ਹਾਈ ਖ਼ਤਮ ਹੋਣ ਤੋ ਬਾਅਦ ਬੱਚਿਆਂ 'ਚ ਆਪਣੇ ਭਵਿੱਖ ਨੂੰ ਲੈਕੇ ਚਿੰਤਾ ਹੁੰਦੀ ਹੈ। ਜਿਸ ਨੂੰ ਲੈਕੇ ਉਨ੍ਹਾਂ ਵਲੋਂ ਤਿਆਰੀ ਵੀ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਕਈ ਨੌਜਵਾਨਾਂ 'ਚ ਵਿਦੇਸ਼ ਜਾਣ ਦੀ ਲਾਲਸਾ ਦਿਨ ਪਰ ਦਿਨ ਵੱਧਦੀ ਜਾ ਰਹੀ ਹੈ। ਜਿਸ ਦੇ ਗਵਾਹ ਪੰਜਾਬ 'ਚ ਧੜਲੇ ਨਾਲ ਖੁੱਲ੍ਹ ਰਹੇ ਕੋਚਿੰਗ ਸੈਂਟਰ ਹਨ। ਨੌਜਵਾਨ ਆਪਣੇ ਭਵਿੱਖ ਦੀ ਆਸ ਵਿਦੇਸ਼ਾਂ 'ਚ ਲੱਭ ਰਹੇ ਹਨ, ਇਸ ਦੇ ਨਾਲ ਹੀ ਅੰਗਰੇਜ਼ੀ ਭਾਸ਼ਾ ਨੂੰ ਅੱਜ ਦੇ ਸਮੇਂ 'ਚ ਮਹੱਤਵਪੂਰਨ ਮੰਨਦੇ ਵਿਦਿਆਰਥੀ ਇਨ੍ਹਾਂ ਕੋਚਿੰਗ ਸੈਂਟਰਾਂ 'ਚ ਦਾਖਲ ਹੋ ਰਹੇ ਹਨ।
ਇਸ ਸਬੰਧੀ ਜਦੋਂ ਈਟੀਵੀ ਭਾਰਤ ਦੀ ਟੀਮ ਨੇ ਕੋਚਿੰਗ ਸੈਂਟਰ ਦਾ ਦੌਰਾ ਕੀਤਾ ਤਾਂ ਵੱਡੀ ਗਿਣਤੀ 'ਚ ਨੌਜਵਾਨ ਇਨ੍ਹਾਂ ਸੈਂਟਰਾਂ 'ਚ ਅੰਗਰੇਜ਼ੀ ਸਿੱਖ ਰਹੇ ਹਨ। ਅੰਗਰੇਜ਼ੀ ਭਾਸ਼ਾ ਜਿਥੇ ਨੌਜਵਾਨਾਂ ਨੂੰ ਵਿਦੇਸ਼ 'ਚ ਰਹਿੰਦੇ ਸਮੇਂ ਬੋਲ ਚਾਲ 'ਚ ਸਹਾਈ ਹੋਵੇਗੀ ਉਥੇ ਹੀ ਆਪਣੇ ਦੇਸ਼ 'ਚ ਰਹਿੰਦਿਆਂ ਰੁਜ਼ਗਾਰ ਸਮੇਂ ਵੀ ਭਾਸ਼ਾ ਉਨ੍ਹਾਂ ਦੀ ਸਹਾਈ ਹੋਵੇਗੀ। ਨੌਜਵਾਨਾਂ ਦਾ ਕਹਿਣਾ ਕਿ ਉਹ ਅੰਗਰੇਜ਼ੀ ਭਾਸ਼ਾ ਸਿੱਖ ਕੇ ਵਿਦੇਸ਼ ਜਾ ਕੇ ਸੈਟਲ ਹੋਣਾ ਚਾਹੁੰਦੇ ਹਨ ਤਾਂ ਜੋ ਉਹ ਆਪਣਾ ਚੰਗਾ ਭਵਿੱਖ ਬਣਾ ਸਕਣ। ਇਸ ਦੇ ਨਾਲ ਹੀ ਕੁਝ ਨੌਜਵਾਨਾਂ ਦਾ ਕਹਿਣਾ ਕਿ ਉਨ੍ਹਾਂ ਦੇ ਮਾਪਿਆਂ ਦਾ ਸੁਪਨਾ ਕਿ ਉਹ ਵਿਦੇਸ਼ ਜਾਣ ਜਿਸ ਕਾਰਨ ਉਨ੍ਹਾਂ ਵਲੋਂ ਅੰਗਰੇਜ਼ੀ ਭਾਸ਼ਾ ਸਿੱਖਣ ਦੀ ਤਿਆਰੀ ਕੀਤੀ ਜਾ ਰਹੀ ਹੈ।