ਲਹਿਰਾਗਾਗਾ: ਸ਼ਹਿਰ ਦੇ ਮੂਣਕ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਵਿਦਿਆਰਥੀ ਆਗੂ ਰਮਨ ਸਿੰਘ ਕਾਲਾਝਾੜ ਨੇ ਕਿਹਾ ਕਿ ਸੱਤਰਵਿਆਂ ਦੀ ਇਨਕਲਾਬੀ ਵਿਦਿਆਰਥੀ ਲਹਿਰ ਤੋਂ ਸੋਧ ਲੈ ਕੇ ਮੌਜੂਦਾ ਦੌਰ ਵਿੱਚ ਵਿਦਿਆਰਥੀ ਲਹਿਰ ਉਸਾਰਨ ਦੇ ਯਤਨ ਵਜੋਂ ਮੂਣਕ ਵਿੱਚ ਜ਼ਿਲ੍ਹਾ ਜੱਥੇਬੰਦਕ ਕਨਵੈਨਸ਼ਨ ਦੌਰਾਨ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਹੈ। ਇਸ ਚੋਣ ਵਿੱਚ ਸਹਿਮਤੀ ਨਾਲ ਹੁਸ਼ਿਆਰ ਸਿੰਘ ਸਲੇਮਗੜ੍ਹ ਨੂੰ ਜ਼ਿਲ੍ਹਾ ਪ੍ਰਧਾਨ, ਜਗਸੀਰ ਸਿੰਘ ਨੂੰ ਜਨਰਲ ਸਕੱਤਰ, ਕੋਮਲ ਖਨੌਰੀ ਨੂੰ ਖ਼ਜ਼ਾਨਚੀ, ਰਮਨ ਸਿੰਘ ਕਾਲਾਝਾੜ ਨੂੰ ਪ੍ਰੈਸ ਸਕੱਤਰ, ਬਲਵਿੰਦਰ ਸਿੰਘ ਸੋਨੀ, ਸੁਨੀਲ ਚੂੜਲ ਅਤੇ ਹਰਪ੍ਰੀਤ ਸਿੰਘ ਅਲੀਸ਼ੇਰ ਨੂੰ ਮੈਂਬਰ ਚੁਣਿਆ।
ਵਿਦਿਆਰਥੀ ਆਗੂ ਨੇ ਦੱਸਿਆ ਕਿ ਮੌਜੂਦਾ ਸਿੱਖਿਆ ਸਿਸਟਮ ਲੋਕ ਵਿਰੋਧੀ ਹੈ। ਸਰਕਾਰ ਕੋਰੋਨਾ ਦੀ ਆੜ ਵਿੱਚ ਵਿਦਿਆਰਥੀ ਵਿਰੋਧੀ ਫੈਸਲੇ ਲੈ ਰਹੀ ਹੈ। ਨਿੱਜੀਕਰਨ, ਵਪਾਰੀਕਰਨ ਦੀਆਂ ਨੀਤੀਆਂ ਨੇ ਸਰਕਾਰੀ ਸਿੱਖਿਆ ਨੂੰ ਬਹੁਤ ਸੀਮਤ ਕਰ ਦਿੱਤਾ ਹੈ। ਪ੍ਰਾਈਵੇਟ ਅਦਾਰੇ ਜੱਗ ਜ਼ਾਹਰ ਹੋ ਕੇ ਸ਼ਰੇਆਮ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਲੁੱਟ ਰਹੇ ਹਨ। ਉਨ੍ਹਾਂ ਕਿਹਾ ਕਿ ਦਲਿਤ ਵਰਗ ਜਿਨ੍ਹਾਂ ਨੂੰ ਸਰਕਾਰ ਵੱਲੋਂ ਮੁਫ਼ਤ ਸਿੱਖਿਆ ਮੁਹੱਈਆ ਕਰਵਾਈ ਜਾਂਦੀ ਹੈ ਪਰ ਹੁਣ ਉਸ ਨੂੰ ਵੀ ਉਨ੍ਹਾਂ ਤੋਂ ਹੌਲੀ-ਹੌਲੀ ਖੋਹਿਆ ਜਾ ਰਿਹਾ ਹੈ। ਉਨ੍ਹਾਂ ਨੂੰ ਮਿਲਣ ਵਾਲੇ ਵਜੀਫਿਆਂ ਵਿੱਚ ਘਪਲੇ ਕੀਤੇ ਜਾ ਰਹੇ ਹਨ।