ਲਹਿਰਾਗਾਗਾ: ਮਾਵਾਂ ਆਪਣੇ ਪੁੱਤਾਂ ਨੂੰ ਰੀਝਾਂ ਚਾਵਾਂ ਨਾਲ ਪਾਲਕੇ ਵੱਡੇ ਕਰਦੀਆਂ ਹਨ ਕਿ ਪੁੱਤ ਵੱਡੇ ਹੋਕੇ ਉਨ੍ਹਾਂ ਦੇ ਬੁਢਾਪੇ ਦਾ ਸਹਾਰਾ ਬਣਨਗੇ, ਪਰ ਜਦੋਂ ਘਰ ਦਾ ਜਵਾਨ ਪੁੱਤ ਕਿਸੇ ਹਾਦਸੇ ਦਾ ਸ਼ਿਕਾਰ ਹੋ ਕੇ ਬਿਸਤਰ 'ਤੇ ਪੈ ਜਾਵੇ ਤਾਂ ਮਾਪਿਆਂ ਦੀ ਜ਼ਿੰਦਗੀ ਨਰਕ ਹੋ ਜਾਂਦੀ ਹੈ।
ਅਜਿਹੀ ਹੀ ਕਹਾਣੀ ਲਹਿਰਾਗਾਗਾ ਦੇ ਮਕੋਰੜ ਪਿੰਡ ਦੀ ਹੈ, ਜਿੱਥੇ ਇੱਕ ਬਜ਼ੁਰਗ ਔਰਤ ਦੇ ਘਰ ਵਿੱਚ ਕਮਾਈ ਦਾ ਕੋਈ ਵੀ ਸਾਧਨ ਨਹੀਂ ਹੈ। ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਛੋਟਾ ਮੁੰਡਾ ਸੜਕ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਪਿਛਲੇ 12-13 ਸਾਲਾਂ ਤੋਂ ਬਿਸਤਰੇ 'ਤੇ ਪਿਆ ਹੈ।
ਪਿੰਡ ਚੋਂ ਰੋਟੀ ਮੰਗਕੇ ਗੁਜ਼ਾਰਾ ਕਰਨ ਲਈ ਮਜਬੂਰ ਬਜ਼ੁਰਗ ਮਾਂ ਦੋਹਾਂ ਮਾਂ ਪੁੱਤਾਂ ਲਈ ਕਮਾਈ ਦਾ ਕੋਈ ਜ਼ਰੀਆ ਨਾ ਹੋਣ ਕਾਰਨ ਰੋਟੀ ਵੀ ਪਿੰਡ ਦੇ ਗੁਰੂਦੁਆਰੇ ਤੋਂ ਆਉਂਦੀ ਹੈ, ਜਾਂ ਪਿੰਡ ਦੇ ਲੋਕ ਮਿਲ ਕੇ ਮਦਦ ਕਰਕੇ ਉਨ੍ਹਾਂ ਨੂੰ ਰਾਸ਼ਨ ਦੇ ਜਾਂਦੇ ਹਨ ਪਰ ਕਈ ਵਾਰ ਇਸ ਪਰਿਵਾਰ ਨੂੰ ਬਿਨਾਂ ਖਾਏ ਭੁੱਖੇ ਹੀ ਰਹਿਣਾ ਪੈਂਦਾ ਹੈ।
ਬਜ਼ੁਰਗ ਮਾਂ ਨੇ ਆਪਣੀ ਹੱਡ ਬੀਤੀ ਸਾਂਝੀ ਕਰਦਿਆਂ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਹੀ ਘਰ ਵਿੱਚ ਕਮਾਈ ਕਰ ਰਿਹਾ ਸੀ। ਪਰ ਸਕੂਟਰ ਤੋਂ ਡਿੱਗਣ ਤੋਂ ਬਾਅਦ ਰੀੜ੍ਹ ਦੀ ਹੱਡੀ ਟੁੱਟਣ ਕਾਰਨ ਕਾਫੀ ਸਮੇਂ ਮੰਜੇ 'ਤੇ ਪਿਆ ਹੈ ਅਤੇ ਤੁਰਨ ਵਿੱਚ ਅਸਮਰਥ ਹੈ। ਮਾਤਾ ਨੇ ਕਿਹਾ ਕਿ ਉਹ ਆਪਣੇ ਪੁੱਤ ਨੂੰ ਇਸ ਹਾਲਤ 'ਚ ਵੇਖਕੇ ਬਹੁਤ ਦੁਖੀ ਹੈ। ਘਰ ਦਾ ਗੁਜ਼ਾਰਾ ਵੀ ਪਿੰਡ ਦੇ ਲੋਕਾਂ ਤੋਂ ਮੰਗ ਕੇ ਚਲਦਾ ਹੈ।
ਮਾਤਾ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਜੇਕਰ ਉਸ ਦੇ ਪਰਿਵਾਰ ਦੀ ਕਿਸੇ ਵੀ ਤਰੀਕੇ ਕੋਈ ਮਦਦ ਹੋ ਸਕੇ ਤਾਂ ਉਸ ਦਾ ਬੁਢਾਪਾ ਸੁਖਲਾ ਹੋ ਜਾਵੇਗਾ।