ਸੰਗਰੂਰ: ਜਿੱਥੇ ਦੇਸ਼ ਭਰ ਵਿੱਚ ਕੋਵਿਡ ਮਰੀਜ਼ ਵੈਂਟੀਲੇਟਰਾਂ ਅਤੇ ਬਣਾਉਟੀ ਆਕਸੀਜਨ ਦੀ ਮੁਸ਼ਕਿਲ ਲਗਾ ਸਾਹਮਣਾ ਕਰ ਰਹੇ ਹਨ, ਇਸੇ ਮੁਸ਼ਕਿਲ ਨੂੰ ਧਿਆਨ ’ਚ ਰੱਖਦਿਆਂ ਸਿੱਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਐਤਵਾਰ ਨੂੰ ਆਕਸੀਜਨ ਕੰਸਨਟਰੇਟਰ ਅਤੇ ਵਾਇਟਲ ਮੈਜ਼ਰਮੈਂਟ ਮੋਨੀਟਰ ਨਾਲ ਲੈਸ ਇੱਕ 100 ਬੈੱਡ ਦੀ ਸਹੂਲਤ ਵਾਲੇ ‘ਕੋਵਿਡ ਵਾਰ-ਰੂਮ’ ਦੀ ਸਥਾਪਨਾ ਕਰਦਿਆਂ “ਜ਼ਿੰਮੇਵਾਰ ਸੰਗਰੂਰ” ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।
ਕੈਬਨਿਟ ਮੰਤਰੀ ਸ਼੍ਰੀ ਸਿੰਗਲਾ ਨੇ ਦੱਸਿਆ ਕਿ ਕੋਵਿਡ ਵਾਰ-ਰੂਮ ਵਿੱਚ ਇਨ੍ਹਾਂ 100 ਬੈੱਡਾਂ ਤੋਂ ਇਲਾਵਾ ਜ਼ਿਲ੍ਹੇ ਅੰਦਰ ਹੋਰਨਾਂ ਥਾਂਵਾਂ ‘ਤੇ ਉਪਲਬਧ ਬੈੱਡਾਂ ਦੀ ਗਿਣਤੀ, ਆਕਸੀਜਨ ਕੰਨਸੇਨਟਰੇਟਰਜ਼, ਪਲਾਜ਼ਮਾ ਦਾਨੀਆਂ, ਖੂਨ ਦੀ ਉਪਲਬਧਤਾ, ਟੀਕੇ ਅਤੇ ਦਵਾਈਆਂ ਦੇ ਮੱਦੇਨਜ਼ਰ ਚੌਵੀ ਘੰਟੇ ਜਾਣਕਾਰੀ ਤੇ ਲੋੜੀਂਦਾ ਸਹਾਇਤਾ ਮੁਹੱਈਆ ਕਰਵਾਏਗਾ । ਉਨ੍ਹਾਂ ਕਿਹਾ ਕਿ ਜ਼ਰੂਰਤ ਮੌਕੇ ਲੋਕਾਂ ਨੂੰ ਵਾਰ-ਰੂਮ ਤੋਂ ਸਾਰੀ ਸਹਾਇਤਾ ਵਾਰ-ਰੂਮ ਦੇ ਵਲੰਟੀਅਰਾਂ ਵੱਲੋਂ ਇਕੋ ਕਾਲ 'ਤੇ ਦਿੱਤੀ ਜਾਏਗੀ।
ਇਸ ਮੌਕੇ ਕੋਵਿਡ ਕੇਅਰ ਸੈਂਟਰ ਤੇ ਪੱਤਰਕਾਰਾਂ ਨਾਲ ਗੱਲ-ਬਾਤ ਕਰਦਿਆਂ ਸਿੰਗਲਾ ਨੇ ਕਿਹਾ ਸੰਗਰੂਰ ਕੋਵਿਡ ਨੂੰ ਹਰਾਉਣ ਲਈ ਤਿਆਰ ਹੈ ਕਿਉਂਕਿ ਉਨ੍ਹਾਂ ਦੁਆਰਾ ਵੱਡੇ ਪੱਧਰ 'ਤੇ ਟੀਕਾ ਖਰੀਦ ਕੀਤੀ ਗਈ ਹੈ ਅਤੇ ਇਹ 100 ਬਿਸਤਰਿਆਂ ਦੀ ਸਹੂਲਤ ਵਾਲੀ ਇਮਾਰਤ ਹਲਕੇ ਤੋਂ ਦਰਮਿਆਨੇ ਮਰੀਜ਼ਾਂ ਦੇ ਰਹਿਣ ਅਤੇ ਇਲਾਜ ਲਈ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਡਾਕਟਰੀ ਅਮਲਾ ਚੌਵੀ ਘੰਟੇ ਉਪਲਬਧ ਰਹੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਲਈ ਠੋਕਰਾਂ ਨਾ ਖਾਣੀਆਂ ਪੈਣ।