ਸੰਗਰੂਰ: ਸਰਕਾਰੀ ਹਸਪਤਾਲ ਮਲੇਰਕੋਟਲਾ ਵਿਖੇ ਪਿਛਲੇ ਦਿਨੀਂ ਜਣੇਪਾ ਕੇਸਾਂ ਵਿਚ ਹੋਈਆਂ ਮੌਤਾਂ ਨੂੰ ਲੈ ਕੇ ਸਿਹਤ ਸੇਵਾਵਾਂ ਵਿਭਾਗ ਪੰਜਾਬ ਦੇ ਡਾਇਰੈਕਟਰ ਰੀਟਾ ਭਾਰਦਵਾਜ਼ ਨੇ ਸਿਵਲ ਹਸਪਤਾਲ ਮਲੇਰਕੋਟਲਾ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸਿਵਲ ਸਰਜਨ ਸੰਗਰੂਰ ਰਾਜ ਕੁਮਾਰ ਵੀ ਹਾਜ਼ਰ ਰਹੇ।
ਇਸ ਮੌਕੇ ਡਾਇਰੈਕਟਰ ਮੈਡਮ ਨੇ ਜਦੋਂ ਸਿਵਲ ਹਸਪਤਾਲ ਦੇ ਜੱਚਾ ਬੱਚਾ ਵਾਰਡ ਦਾ ਦੌਰਾ ਕੀਤਾ ਤਾਂ ਉੱਥੇ ਇਕ ਕਮਰੇ ਵਿਚ ਦਾਖ਼ਲ ਔਰਤ ਦੇ ਗੁਲੂਕੋਜ਼ ਦੀ ਬੋਤਲ ਲੱਗੀ ਹੋਈ ਸੀ, ਜਿਸਨੂੰ ਟੰਗਣ ਲਈ ਸਟੈਂਡ ਨਹੀਂ ਸੀ। ਇਸ ਤੋਂ ਜਾਪਦਾ ਹੈ ਕਿ ਹਸਪਤਾਲ ਦਾ ਸਟਾਫ਼ ਕਿਸੇ ਵੀ ਆਉਣ ਵਾਲੇ ਅਧਿਕਾਰੀ ਦੀ ਪ੍ਰਵਾਹ ਨਹੀਂ ਕਰਦਾ ਤਾਂ ਵੀ ਡਾਇਰੈਕਟਰ ਅਤੇ ਹੋਰ ਅਧਿਕਾਰੀਆਂ ਦੇ ਸਾਹਮਣੇ ਇਕ ਮਰੀਜ਼ ਨੂੰ ਲੱਗੀ ਗੁਲੂਕੋਜ਼ ਦੀ ਬੋਤਲ ਫੜੀ ਖੜ੍ਹੀ ਦਿਖਾਈ ਦੇ ਰਹੀ ਹੈ। ਜੋ ਹਸਪਤਾਲ ਦੀਆਂ ਸੇਵਾਵਾ ਦੀ ਅਸਲੀ ਤਸਵੀਰ ਵਿਖਾ ਰਹੀ ਹੈ। ਜਣੇਪੇ ਵਾਲੀਆਂ ਔਰਤਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਨਹੀਂ ਮਿਲ ਰਹੀਆਂ ਜਿਸ ਕਾਰਨ ਪ੍ਰੇਸ਼ਾਨੀ ਹੋ ਰਹੀ ਹੈ।
ਇਸ ਮੌਕੇ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਡਾਇਰੈਕਟਰ ਰੀਟਾ ਭਾਰਦਵਾਜ਼ ਨੇ ਕਿਹਾ ਕਿ ਮਲੇਰਕੋਟਲਾ ਦੇ ਸਿਵਲ ਹਸਪਤਾਲ ਵਿਖੇ ਜਣੇਪੇ ਵਾਲੀਆਂ ਔਰਤਾਂ ਦੀਆਂ ਹੋ ਰਹੀਆਂ ਮੌਤਾਂ ਦੇ ਕਾਰਨ ਜਾਨਣ ਲਈ ਇੱਥੇ ਆਏ ਹਨ।