IG ਉਮਰਾਨੰਗਲ ਦੀ ਗ੍ਰਿਫ਼ਤਾਰੀ 'ਤੇ ਭੱਖੀ ਸਿਆਸਤ
ਫ਼ਰੀਦਕੋਟ: ਬਰਗਾੜੀ ਮੋਰਚੇ ਦੀ ਅਗਵਾਈ ਕਰਨ ਵਾਲੇ ਮੁਤਵਾਜ਼ੀ ਜੱਥੇਦਾਰ ਭਾਈ ਧਿਆਨ ਸਿੰਘ ਮੰਡ ਨੇ IG ਪਰਮਰਾਜ ਉਮਰਾਨੰਗਲ ਉੱਤੇ SIT ਵੱਲੋਂ ਕੀਤੀ ਗਈ ਗ੍ਰਿਫ਼ਤਾਰੀ 'ਤੇ ਤਸੱਲੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬੇਅਦਬੀ ਮਾਮਲੇ ਦੇ ਹੱਲ ਲਈ ਠੀਕ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਅੱਜ ਇਹ ਸਭ ਬਰਗਾੜੀ ਮੋਰਚੇ ਦਾ ਹੀ ਪ੍ਰਭਾਵ ਹੈ ਜੋ ਸਰਕਾਰ ਨੂੰ ਸਹੀ ਤਰੀਕੇ ਨਾਲ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਤੋਂ ਇਲਾਵਾ ਹੋਰ ਸਿੱਖ ਆਗੂ ਗੁਰਦੀਪ ਸਿੰਘ ਤੇ ਭਾਈ ਮੋਹਕਮ ਸਿੰਘ ਨੇ ਵੀ SIT ਦੀ ਕਾਰਵਾਈ ਨਾਲ ਸਹਿਮਤੀ ਜਤਾਈ ਹੈ।
ਉਨ੍ਹਾਂ ਕਿਹਾ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਅਤੇ ਬਹਿਬਲ ਕਲਾਂ 'ਚ ਮਾਰੇ ਗਏ ਦੋ ਸਿੰਖਾਂ ਨੂੰ ਅਤੇ ਕੋਟਕਪੂਰਾ ਵਿੱਚ ਸ਼ਾਂਤੀਮਈ ਤਰੀਕੇ ਨਾਲ ਰੋਸ ਪ੍ਰਗਟ ਕਰ ਰਹੀ ਸਿੱਖ ਸੰਗਤ ਉੱਤੇ ਹੋਏ ਪੁਲਿਸ ਜ਼ੁਲਮਾਂ ਦੀ ਜਾਂਚ ਵਿੱਚ ਤੇਜ਼ੀ ਲਿਆਂਦੀ ਗਈ ਹੈ। ਇਸ ਤੋਂ ਪਹਿਲਾਂ ਚਰਨਜੀਤ ਸ਼ਰਮਾ ਅਤੇ ਹੁਣ IG ਪਰਮਰਾਜ ਉਮਰਾਨੰਗਲ ਦੀ ਗ੍ਰਿਫ਼ਤਾਰੀ ਕਰ ਕੇ SIT ਨੇ ਵਧੀਆ ਕੰਮ ਕੀਤਾ ਹੈ।
ਧਿਆਨ ਸਿੰਘ ਮੰਡ ਨੇ ਦੁੱਖ ਪ੍ਰਗਟਾਇਆ ਕਿ ਜੋ ਪੁਲਿਸ ਅਧਿਕਾਰੀ ਅਦਾਲਤ ਦਾ ਸਹਾਰਾ ਲੈ ਕੇ ਵਾਰ-ਵਾਰ ਬੱਚਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹਨ, ਉਨ੍ਹਾਂ ਨੂੰ ਵੀ ਛੇਤੀ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਬੇਅਦਬੀ ਮਾਮਲੇ ਦੇ ਅਸਲ ਜਿੰਮੇਵਾਰ ਬਾਦਲ ਪਰਿਵਾਰ ਅਤੇ ਸਿਰਸਾ ਡੇਰਾ ਮੁੱਖੀ ਹੈ ਉਨ੍ਹਾਂ ਨੂੰ ਵੀ ਛੇਤੀ ਹਿਰਾਸਤ ਵਿੱਚ ਲੈ ਕੇ ਪੁੱਛ ਗਿੱਛ ਕੀਤੀ ਜਾਵੇ।
ਉਨਾਂ ਨੇ ਪੁਲਵਾਮਾ ਵਿੱਚ ਹੋਏ ਜਵਾਨਾਂ ਦੀ ਸ਼ਹੀਦੀ 'ਤੇ ਦੁੱਖ ਪ੍ਰਗਟ ਕੀਤਾ ਅਤੇ ਸਰਕਾਰ ਨੂੰ ਕਸ਼ਮੀਰ ਮਸਲੇ ਦੇ ਹੱਲ ਲਈ ਗੰਭੀਰਤਾ ਨਾਲ ਵਿਚਾਰ ਕਰਨ ਲਈ ਕਿਹਾ ਹੈ।