ਲਹਿਰਾਗਾਗਾ: ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਲਹਿਰਾਗਾਗਾ ਨਜ਼ਦੀਕ ਪਿੰਡ ਗਿਦੜਿਆਣੀ ਵਿਖੇ ਤਿੰਨ ਰੋਜ਼ਾ ਦਿਵਾਨ ਵੱਖ-ਵੱਖ ਜਥੇਬੰਦੀਆਂ ਦੇ ਵਿਰੋਧ ਦੇ ਬਾਵਜੂਦ ਵੀ ਸ਼ਾਤੀ ਪੂਰਵਕ ਸੰਪੰਨ ਹੋ ਗਏ ਹਨ। ਜ਼ਿਲ੍ਹਾ ਪੁਲਿਸ ਸੰਗਰੂਰ ਵਲੋਂ ਇਨ੍ਹਾਂ ਦਿਵਾਨਾਂ ਨੂੰ ਸਫਲਤਾ ਪੂਰਵਕ ਕਰਵਾਉਣ ਲਈ ਭਾਰੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ।
ਕੁਝ ਸਿੱਖ ਜਥੇਬੰਦੀਆਂ ਵਲੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਦਿਵਾਨਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਗਿਦੜਿਆਣੀ ਵਿੱਚ ਲੱਗਣ ਵਾਲੇ ਦਿਵਾਨਾਂ ਦਾ ਵੀ ਇਨ੍ਹਾਂ ਜਥੇਬੰਦੀਆਂ ਵਲੋਂ ਵਿਰੋਧ ਕੀਤਾ ਗਿਆ ਸੀ। ਪਰ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਵਲੋਂ ਦਿਵਾਨਾਂ ਨੂੰ ਸ਼ਾਂਤੀ ਪੂਰਵਕ ਕਰਵਾਉਣ ਲਈ ਸਖ਼ਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ। ਜਿਸ ਦੇ ਲਚਦੇ ਇਹ ਦਿਵਾਨ ਪੂਰੀ ਤਰ੍ਹਾਂ ਸ਼ਾਂਤੀ ਪੂਰਵਕ ਅੱਜ ਸੰਪੰਨ ਹੋ ਗਏ। ਇਸ ਦੀ ਜਾਣਕਾਰੀ ਐੱਸ.ਪੀ. ਹਰਪ੍ਰੀਤ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਸਾਂਝੀ ਕਰਦੇ ਹੋਏ ਕਿਹਾ ਕਿ ਪੁਲਿਸ ਦੀ ਪੂਰੀ ਕੋਸ਼ਸ਼ ਸੀ ਕਿ ਇਨ੍ਹਾਂ ਸਮਾਗਮਾਂ ਨੂੰ ਅਮਨ ਅਮਾਨ ਨਾਲ ਨੇਪਰੇ ਚਾੜ੍ਹਿਆ ਜਾਵੇ।
ਉਨ੍ਹਾਂ ਦੱਸਿਆ ਕਿ ਦੋਵਾਂ ਧਿਰਾਂ ਵਲੋਂ ਇਸ ਮਾਮਲੇ ਵਿੱਚ ਪੁਲਿਸ ਦਾ ਪੂਰਨ ਰੂਪ ਵਿੱਚ ਸਹਿਯੋਗ ਦਿੱਤਾ ਗਿਆ। ਕਿਸੇ ਵੀ ਧਿਰ ਵਲੋਂ ਅਮਨ ਨੂੰ ਭੰਗ ਕਰਨ ਵਾਲਾ ਕਦਮ ਨਹੀਂ ਚੁੱਕਿਆ ਗਿਆ।