ਸੰਗਰੂਰ: ਪੰਜਾਬ ਵਿੱਚ ਕਿਸਾਨਾਂ ਵੱਲੋਂ ਕਰਜ਼ੇ ਕਾਰਨ ਖੁਦਕੁਸ਼ੀਆਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਹਨ। ਤਾਜ਼ਾ ਘਟਨਾ ਵਿੱਚ ਜ਼ਿਲ੍ਹੇ ਦੇ ਪਿੰਡ ਲੋਹਾ ਖੇੜਾ ਤੋਂ ਇੱਕ ਦਿਲ ਕੰਬਾਊ ਖ਼ਬਰ ਸਾਹਮਣੇ ਆਈ ਹੈ, ਜਿਥੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਕਿਸਾਨ ਜਗਮੇਲ ਸਿੰਘ ਨੇ ਪਤਨੀ ਸਮੇਤ ਜ਼ਹਿਰ ਨਿਗਲ ਕੇ ਜੀਵਨਲੀਲਾ ਸਮਾਪਤ ਕਰ ਲਈ ਹੈ। ਪੁਲਿਸ ਨੇ ਕੇਸ ਦਰਜ ਕਰਕੇ ਕਾਰਵਾਈ ਅਰੰਭ ਦਿੱਤੀ ਹੈ।
ਮ੍ਰਿਤਕ ਦੇ ਪੁੱਤਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਉਸਦੇ ਪਿਤਾ ਨੇ ਕਰਜ਼ਾ ਚੁੱਕ ਕੇ ਉਸਦੀ ਭੈਣ ਦਾ ਵਿਆਹ ਕੀਤਾ ਸੀ ਅਤੇ ਇੱਕ ਘਰ ਵੀ ਬਣਾਇਆ ਸੀ। ਉਸਦੇ ਪਿਤਾ ਸਿਰ 20 ਲੱਖ ਰੁਪਏ ਕਰਜ਼ਾ ਸੀ, ਜਿਸ ਕਾਰਨ ਉਸਦੇ ਮਾਤਾ-ਪਿਤਾ ਪ੍ਰੇਸ਼ਾਨ ਰਹਿੰਦੇ ਸਨ। ਉਨ੍ਹਾਂ ਕੋਲ ਤਿੰਨ ਏਕੜ ਜ਼ਮੀਨ ਸੀ, ਜਿਸ ਵਿੱਚੋਂ ਇੱਕ ਏਕੜ ਜ਼ਮੀਨ ਕਰਜ਼ਾ ਉਤਾਰਨ ਲਈ ਉਸ ਨੇ ਵੇਚ ਵੀ ਦਿੱਤੀ ਸੀ, ਪਰ ਕਰਜ਼ਾ ਅਜੇ ਵੀ ਬਾਕੀ ਸੀ। ਕਰਜ਼ਾ ਨਾ ਮੋੜ ਸਕਣ ਦੀ ਵਜ੍ਹਾ ਕਾਰਨ ਉਸਦੇ ਪਿਤਾ ਤੇ ਮਾਤਾ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ।