ਸੰਗਰੂਰ: ਪਿਛਲੇ ਦਿਨੀ ਪਏ ਮੀਂਹ ਅਤੇ ਗੜੇਮਾਰੀ ਕਾਰਨ ਹਲਕਾ ਲਹਿਰਾਗਾਗਾ ਦੇ ਵਿੱਚ ਫ਼ਸਲਾਂ ਦਾ ਵੱਡੀ ਪੱਧਰ 'ਤੇ ਨੁਕਸਾਨ ਹੋਇਆ ਹੈ, ਜਿਸ ਕਾਰਨ ਪੰਜਾਬ ਸਰਕਾਰ ਵੱਲੋਂ ਖੇਤਾਂ ਦਾ ਸਰਵੇ ਕਰਵਾ ਕੇ ਫ਼ਸਲਾਂ ਨੁਕਸਾਨ ਦੇਖਿਆ ਜਾ ਰਿਹਾ ਹੈ ਪਰ ਕਿਸਾਨ ਇਸ ਸਰਵੇ ਤੋਂ ਸੰਤੁਸ਼ਟ ਨਜ਼ਰ ਨਹੀ ਆ ਰਹੇ। ਕਿਸਾਨਾਂ ਦਾ ਕਹਿਣਾ ਹੈ ਕਿ ਖੇਤੀਬਾੜੀ ਵਿਭਾਗ ਫ਼ਸਲਾਂ ਦਾ ਨੁਕਸਾਨ ਘਟਾ ਕੇ ਦੱਸ ਰਿਹਾ ਹੈ।
ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਫ਼ਸਲਾਂ ਦੇ ਖ਼ਰਾਬੇ ਦੀ ਅਸਲ ਤਸਵੀਰ ਤਾਂ ਗਿਰਦਾਵਾਰੀ ਦੀਆਂ ਰਿਪੋਰਟਾਂ ਆਉਣ ਤੋਂ ਬਾਅਦ ਹੀ ਸਾਹਮਣੇ ਆਵੇਗੀ ਪਰ ਮੁੱਢਲੇ ਤੌਰ 'ਤੇ ਸੂਬੇ ਵਿੱਚ ਕਈ ਥਾਵਾਂ 'ਤੇ ਕਣਕ ਦੀ ਫ਼ਸਲ 20 ਫੀਸਦੀ ਤੱਕ ਨੁਕਸਾਨੀ ਗਈ ਹੈ।
ਬੀਕੇਯੂ ਉਗਰਾਹਾ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਦਿਨੀ ਮੀਂਹ ਪੈਣ ਕਾਰਨ ਹਾੜੀ ਦੀਆਂ ਫ਼ਸਲਾਂ ਜਿਵੇ ਕਣਕ, ਸਰ੍ਹੋ, ਬਰਸੀਨ ਆਦਿ ਦਾ ਭਾਰੀ ਮਾਤਰਾ ਵਿੱਚ ਨੁਕਸਾਨ ਹੋਇਆ ਹੈ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਜੋ ਖੇਤਾਂ ਵਿੱਚ ਜਾ ਕੇ ਜਾਇਜ਼ਾ ਲੈਣ ਲਈ ਸਰਵੇਖਣ ਕੀਤਾ ਗਿਆ। ਇਸ ਸਰਵੇਖਣ ਵਿਚ ਫ਼ਸਲਾਂ ਦਾ ਨੁਕਸਾਨ ਘਟਾ ਕੇ ਦੱਸਿਆ ਜਾ ਰਿਹਾ ਹੈ। ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਫ਼ਸਲਾ ਦਾ ਨੁਕਸਾਨ 20 ਫੀਸਦੀ ਦੱਸ ਰਿਹਾ ਹੈ, ਜਦਕਿ ਫ਼ਸਲਾਂ ਦਾ ਅਸਲ ਨੁਕਸਾਨ 50 ਫੀਸਦੀ ਤੋਂ ਜ਼ਿਆਦਾ ਹੋਇਆ ਹੈ।