ਮਾਲੇਰਕੋਟਲਾ: ਪਿੰਡ ਹਥੋਆ ਵਿਖੇ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਬਰਸਾਤੀ ਨਾਲੇ ਵਿੱਚ ਡਿੱਗਣ ਕਾਰਨ ਮੁਹੰਮਦ ਆਰਿਫ ਨਾਂਅ ਦੇ 6 ਸਾਲਾ ਮਾਸੂਮ ਬੱਚੇ ਦੀ ਮੌਤ ਹੋ ਗਈ।
ਪ੍ਰਸ਼ਾਸਨ ਦੀ ਲਾਪਰਵਾਹੀ ਨੇ ਲਈ 6 ਸਾਲਾ ਬੱਚੇ ਦੀ ਜਾਨ, ਬਰਸਾਤੀ ਨਾਲੇ 'ਚ ਡੁੱਬਿਆ ਮਾਸੂਮ - malerkotla
ਪ੍ਰਸ਼ਾਸਨ ਦੀ ਮਾੜੀ ਕਾਰਗੁਜ਼ਾਰੀ ਕਾਰਨ ਮਾਲੇਰਕੋਟਲਾ ਦੇ ਪਿੰਡ ਹਥੋਆ ਵਿੱਥੇ ਬਰਸਾਤੀ ਨਾਲੇ ਨੇ ਇੱਕ ਮਾਸੂਮ ਦੀ ਜਾਣ ਲੈ ਲਈ। ਨਾਲੇ ਵਿੱਚ ਡਿੱਗਣ ਕਾਰਨ ਇੱਕ 6 ਸਾਲਾ ਬੱਚੇ ਦੀ ਮੌਤ ਹੋ ਗਈ।
ਮ੍ਰਿਤਕ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਬਰਸਾਤੀ ਨਾਲੇ ਦੀ ਸਫ਼ਾਈ ਨਾ ਹੋਣ ਕਰਕੇ ਪਾਣੀ ਉੱਪਰ ਆ ਗਿਆ, ਉਸ ਦੌਰਾਨ ਉੱਥੋ ਦੀ ਲੰਘ ਰਿਹਾ ਬੱਚਾ ਨਾਲੇ ਵਿੱਚ ਡਿੱਗ ਗਿਆ। ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਗੋਤਾਖੋਰ ਬੁਲਾਏ ਗਏ, ਜਿਨ੍ਹਾਂ ਨੇ ਬੱਚੇ ਦੀ ਲਾਸ਼ ਨੂੰ ਪਾਣੀ ਵਿੱਚੋ ਕੱਢਿਆ। ਮ੍ਰਿਤਕ ਬੱਚੇ ਦਾ ਪਰਿਵਾਰ ਜੋ ਕਿ ਹਿਮਾਚਲ ਪ੍ਰਦੇਸ਼ ਤੋਂ ਇਸ ਪਿੰਡ ਦੇ ਵਿੱਚ ਰਹਿਣ ਆਇਆ ਸੀ, ਹੁਣ ਬੱਚੇ ਦੀ ਮੌਤ ਤੋਂ ਬਾਅਦ ਸਦਮੇ ਵਿੱਚ ਹੈ।
ਪਿੰਡ ਵਾਸੀਆਂ ਨੇ ਕਿਹਾ ਕਿ ਇਸ ਡਰੇਨ ਰਾਹੀ ਕਿਸਾਨਾਂ ਦੀਆਂ ਫ਼ਸਲਾਂ ਵੀ ਪਾਣੀ ਵਿੱਚ ਡੁੱਬਣ ਕਾਰਨ ਖ਼ਰਾਬ ਹੋ ਗਈਆਂ ਸਨ ਅਤੇ ਕਿਸਾਨਾਂ ਨੇ ਵਾਰ-ਵਾਰ ਡਰੇਨ ਵਿਭਾਗ ਤੇ ਸਿਵਲ ਪ੍ਰਸ਼ਾਸਨ ਨੂੰ ਆਗਾਹ ਕੀਤਾ ਸੀ ਕਿ ਕੋਈ ਵੱਡਾ ਨੁਕਸਾਨ ਹੋ ਸਕਦਾ ਹੈ ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਕਦਮ ਨਹੀਂ ਚੁੱਕਿਆ ਗਿਆ ਜਿਸ ਕਾਰਨ ਮਾਸੂਮ ਆਰਿਫ ਦੀ ਜਾਨ ਚਲੀ ਗਈ।