ਚੰਡੀਗੜ੍ਹ ਡੈਸਕ :ਪੰਜਾਬ ਦੇ ਮੁੱਖ ਮੁੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਧੂਰੀ ਵਿੱਚ ਤੀਰਥ ਯਾਤਰਾ ਯੋਜਨਾ ਅਤੇ ਆਟਾ ਦਾਲ ਸਕੀਮ ਦਾ ਉਦਘਾਟਨ ਕੀਤਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਪ੍ਰਕਾਸ਼ ਦਿਹਾੜਾ ਵੀ ਹੈ। ਇਸ ਲਈ ਇਸ ਮੁਬਾਰਕ ਮੌਕੇ 'ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ' ਦੀ ਸ਼ੁਰੂਆਤ ਕੀਤੀ ਹੈ। ਇਸ ਮੌਕੇ ਯਾਤਰੀਆਂ ਦੇ ਪਹਿਲੇ ਜੱਥੇ ਨੂੰ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ਵਿੱਚ ਧੂਰੀ ਤੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਲਈ ਰਵਾਨਾ ਕੀਤਾ ਗਿਆ। ਇਹ ਵੀ ਯਾਦ ਰਹੇ ਕਿ ਬਾਕੀ ਧਾਰਮਿਕ ਅਸਥਾਨਾਂ ਲਈ ਵੀ ਟ੍ਰੇਨਾਂ ਅਤੇ ਬੱਸਾਂ ਚਲਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਯੋਜਨਾ ਲਈ ਸੂਬਾ ਸਰਕਾਰ ਨੇ ਵਿਸ਼ੇਸ਼ ਰੂਪ ਵਿੱਚ 40 ਕਰੋੜ ਰੁਪਏ ਦਾ ਬਜਟ ਰੱਖਿਆ ਹੈ।
ਕੇਜਰੀਵਾਲ ਵੀ ਰਹੇ ਮੌਜੂਦ :ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਧੂਰੀ ਪਹੁੰਚੇ ਹੋਏ ਹਨ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ। ਦਿੱਲੀ-ਪੰਜਾਬ 'ਚ ਆਮ ਆਦਮੀ ਪਾਰਟੀ ਗੁਰੂ ਸਾਹਿਬ ਦੇ ਸੰਦੇਸ਼ ਅਤੇ ਬਚਨਾਂ 'ਤੇ ਸਰਕਾਰਾਂ ਚਲਾ ਰਹੀ ਹੈ। ਪੰਜਾਬ ਵਿੱਚ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ। ਅਸੀਂ ਦਿੱਲੀ ਵਿੱਚ 80 ਹਜ਼ਾਰ ਲੋਕਾਂ ਨੂੰ ਯਾਤਰਾ ਦੀ ਸਹੂਲਤ ਦਿੱਤੀ ਗਈ ਹੈ। ਅੰਮ੍ਰਿਤਸਰ ਤੋਂ 300, ਜਲੰਧਰ ਤੋਂ 200 ਅਤੇ ਧੂਰੀ ਤੋਂ 500 ਦੇ ਕਰੀਬ ਯਾਤਰੀ ਇਸ ਜਥੇ ਵਿੱਚ ਭੇਜੇ ਗਏ ਹਨ।