ਸੰਗਰੂਰ:ਵਿਧਾਨਸਭਾ ਚੋਣਾਂ 2022 (Assembly Elections 2022) ਨੂੰ ਲੈ ਕੇ ਪੰਜਾਬ ਦੀ ਸਿਆਸਤ ਵਿੱਚ ਲਗਾਤਾਰ ਭਖਦੀ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਪੰਜਾਬ ਦੀ ਸਿਆਸਤ ਵਿੱਚ ਬਾਹਰੀ ਲੋਕਾਂ ਨੂੰ ਖੜ੍ਹਾ ਕਰਨ ਲਈ ਆਮ ਆਦਮੀ ਪਾਰਟੀ ਦੀ ਸਖ਼ਤ ਆਲੋਚਨਾ ਕੀਤੀ। ਜਿਨ੍ਹਾਂ ਨੂੰ ਪੰਜਾਬ ਅਤੇ ਇਸ ਦੀਆਂ ਸੱਭਿਆਚਾਰਕ ਕਦਰਾਂ ਕੀਮਤਾਂ ਬਾਰੇ ਬਿਲਕੁਲ ਵੀ ਜਾਣਕਾਰੀ ਨਹੀਂ ਹੈ, ਪਰ ਉਹ ਆਪਣੇ ਆਪ ਨੂੰ ਸੂਬੇ ਦੇ ਲੋਕਾਂ ਦੀ ਆਵਾਜ਼ ਵੱਜੋਂ ਪੇਸ਼ ਕਰਨ ਲਈ ਕਾਫ਼ੀ ਉਤਾਵਲੇ ਹਨ।
ਪੰਜਾਬ ਨੂੰ ਆਪਣੇ ਅਧੀਨ ਕਰਨ ਦੇ ਨਾਪਾਕ ਮਨਸੂਬੇ ਹੋ ਜਾਂਦੇ ਹਨ ਸਪੱਸ਼ਟ
'ਆਪ' ਦੀ ਦਿੱਲੀ ਲੀਡਰਸ਼ਿਪ 'ਤੇ ਬਸਤੀਵਾਦੀ ਸ਼ਕਤੀ ਵਾਂਗ ਵਿਵਹਾਰ ਕਰਨ ਲਈ ਹਮਲਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਪੋਸਟਰਾਂ ਅਤੇ ਫਲੈਕਸਾਂ 'ਤੇ ਵੀ ਪਾਰਟੀ ਦੀ ਪੰਜਾਬ ਇਕਾਈ ਦੇ ਆਗੂਆਂ ਦੀਆਂ ਤਸਵੀਰਾਂ ਨਹੀਂ ਵਰਤ ਰਹੇ, ਜਿਸ ਤੋਂ ਉਹਨਾਂ ਦੇ ਪੰਜਾਬ ਨੂੰ ਆਪਣੇ ਅਧੀਨ ਕਰਨ ਦੇ ਨਾਪਾਕ ਮਨਸੂਬੇ ਸਪੱਸ਼ਟ ਹੋ ਜਾਂਦੇ ਹਨ।
ਚੁਟਕਲੇ ਸੁਣਾਉਣਾ ਲੋਕਾਂ ਦੀ ਨਿਰਸਵਾਰਥ ਸੇਵਾ ਕਰਨ ਨਾਲੋਂ ਬਿਲਕੁਲ ਵੱਖਰੀ ਚੀਜ਼
ਭਗਵੰਤ ਮਾਨ ਨੂੰ ਅਸਿੱਧੇ ਤੌਰ ‘ਤੇ ਨਿਸ਼ਾਨੇ ਉੱਤੇ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਚੁਟਕਲੇ ਸੁਣਾਉਣਾ ਲੋਕਾਂ ਦੀ ਨਿਰਸਵਾਰਥ ਸੇਵਾ ਕਰਨ ਨਾਲੋਂ ਬਿਲਕੁਲ ਵੱਖਰੀ ਚੀਜ਼ ਹੈ ਅਤੇ ਵਿਕਾਸ ਸਿਰਫ਼ ਬਾਹਰਲੇ ਲੋਕਾਂ ਨਾਲ ਆਟੋ-ਰਿਕਸ਼ਾ ਵਿੱਚ ਮੌਜਾਂ ਮਾਣ ਕੇ ਨਹੀਂ ਕੀਤਾ ਜਾ ਸਕਦਾ।
ਮੁੱਖ ਮੰਤਰੀ ਅੱਜ ਇੱਥੇ ਪਿੰਡ ਦੇਹ ਕਲਾਂ ਅਤੇ ਘਾਬਦਾਂ ਵਿਖੇ ਸ੍ਰੀ ਸੀਮਿੰਟ ਲਿਮਟਿਡ ਸੰਗਰੂਰ ਪ੍ਰਾਜੈਕਟ ਅਤੇ ਮੈਡੀਕਲ ਕਾਲਜ ਦੇ ਨੀਂਹ ਪੱਥਰ ਰੱਖਣ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰ ਰਹੇ ਸਨ।