ਸੰਗਰੂਰ: ਭਾਰਤ-ਚੀਨ ਸਰਹੱਦ 'ਤੇ ਸ਼ਹੀਦ ਹੋਏ ਭਾਰਤੀ ਫ਼ੌਜ ਦੇ ਸਿਪਾਹੀ ਗੁਰਬਿੰਦਰ ਸਿੰਘ ਦੀ ਮ੍ਰਿਤਕ ਦੇਹ ਅੱਜ ਉਨ੍ਹਾਂ ਦੇ ਜੱਦੀ ਪਿੰਡ ਤੋਲਵਾਲਾ ਵਿਖੇ ਪਹੁੰਚ ਗਈ ਹੈ। ਲੱਦਾਖ ਦੀ ਗਲਵਾਨ ਘਾਟੀ ਵਿੱਚ ਸੋਮਵਾਰ ਰਾਤ ਨੂੰ ਭਾਰਤੀ ਫੌਜ ਦੇ ਜਵਾਨਾਂ ਦੀ ਚੀਨੀ ਫੌਜ ਦੇ ਜਵਾਨਾਂ ਨਾਲ ਹਿੰਸਕ ਝੜਪ ਹੋ ਗਈ ਸੀ।
ਇਸ ਵਿੱਚ ਭਾਰਤੀ ਫੌਜ ਦੇ 20 ਜਵਾਨ ਸ਼ਹੀਦ ਹੋ ਗਏ ਹਨ, ਇਨ੍ਹਾਂ ਸ਼ਹੀਦ ਹੋਏ ਜਵਾਨਾਂ ਵਿੱਚੋਂ ਇੱਕ ਗੁਰਬਿੰਦਰ ਸਿੰਘ ਨਾਂਅ ਦਾ ਨੌਜਵਾਨ ਸੰਗਰੂਰ ਜ਼ਿਲ੍ਹੇ ਦੇ ਪਿੰਡ ਤੋਲਵਾਲਾ ਦਾ ਰਹਿਣ ਵਾਲਾ ਸੀ। ਗੁਰਵਿੰਦਰ ਸਿੰਘ ਪਿੰਡ ਦੇ ਕਿਸਾਨ ਲਾਭ ਸਿੰਘ ਦਾ 22 ਵਰ੍ਹਿਆਂ ਦਾ ਇਹ ਨੌਜਵਾਨ ਪੁੱਤਰ ਦੋ ਸਾਲ ਪਹਿਲਾਂ ਭਾਰਤੀ ਫੌਜ ਦੀ ਪੰਜਾਬ ਰੈਜੀਮੈਂਟ ਵਿੱਚ ਭਰਤੀ ਹੋਇਆ ਸੀ। ਉਹ ਆਪਣੇ ਭਰਾ ਤੇ ਭੈਣ ਨਾਲੋਂ ਛੋਟਾ ਸੀ। ਇਸ ਨੌਜਵਾਨ ਦੀ ਮੰਗਣੀ ਹੋ ਚੁੱਕੀ ਸੀ ਤੇ ਇਸ ਸਾਲ ਵਿਆਹ ਹੋਣਾ ਸੀ।