ਧੂਰੀ: ਮਰਹੂਮ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੇ ਘਰ ਉਨ੍ਹਾਂ ਦੇ ਪੋਤੇ ਸਿਮਰਪ੍ਰਤਾਪ ਵੱਲੋਂ ਸੱਦੀ ਗਈ ਮੀਟਿੰਗ ਵਿੱਚ ਸੀਨੀਅਰ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਪਹੁੰਚੇ। ਇਸ ਮੌਕੇ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਕਾਫ਼ੀ ਨਿਸ਼ਾਨੇ ਸਾਧੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਕਰਮ ਮਜੀਠੀਆ ਨੇ ਕਿਹਾ ਕਿ ਜਿਵੇਂ ਕੇਰਲ ਨੇ 16 ਖੇਤੀ ਜਿਨਸਾਂ ਦੀ ਖਰੀਦ ਮੂਲ ਤੈਅ ਕਰਕੇ ਕਿਸਾਨਾਂ ਦੀ ਬਾਹ ਫੜੀ ਹੈ, ਉਸੇ ਤਰ੍ਹਾਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਚਾਹੀਦਾ ਹੈ ਕਿ ਉਹ ਪੰਜਾਬ ਡੇਅ ਮਨਾਉਣ ਤੋਂ ਪਹਿਲਾ ਫਸਲਾਂ 'ਤੇ ਐਮਐਸਪੀ ਤੈਅ ਕਰਨ।
ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਕਿਸਾਨੀ ਨਾਲ ਧੋਖਾ ਕਰ ਰਹੀ ਹੈ ਤੇ ਉਹ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਕਿਸਾਨਾਂ ਨਾਲ ਫਿਕਸ ਮੈਚ ਖੇਡ ਰਹੀ ਹੈ। ਵਿਧਾਨ ਸਭਾ ਵਿੱਚ ਬਿੱਲ ਨਾ ਪਾਸ ਕਰਕੇ ਕਿਸਾਨੀ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਦੂਜੇ ਪਾਸੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਦੋਂ ਮਹਿਸੂਸ ਕੀਤਾ ਕਿ ਕੇਂਦਰ ਸਰਕਾਰ ਖੇਤੀ ਕਾਨੂੰਨ ਬਾਰੇ ਆਪਣਾ ਫੈਸਲਾ ਬਦਲਣ ਦੇ ਮੂੜ ਵਿੱਚ ਨਹੀਂ ਹੈ ਤਾਂ ਉਨ੍ਹਾਂ ਨੇ ਭਾਜਪਾ ਨਾਲ 30 ਸਾਲ ਤੋਂ ਚਲੀ ਆ ਰਹੀ ਸਿਆਸੀ ਸਾਂਝ ਤੇ ਕੇਂਦਰ ਦੀ ਵਜ਼ੀਰੀ ਨੂੰ ਕਿਸਾਨਾਂ ਦੇ ਹੱਕ ਲਈ ਤੋੜ ਦਿੱਤਾ।
ਉਨ੍ਹਾਂ ਕਿਹਾ ਕਿ ਬਰਨਾਲਾ ਪਰਿਵਾਰ ਦੀ ਅਕਾਲੀ ਦਲ ਬਾਦਲ ਵਿੱਚ ਇੱਕ ਖ਼ਾਸ ਥਾਂ ਹੈ। ਇਸ ਪਰਿਵਾਰ ਨੇ ਅਕਾਲੀ ਦਲ ਦੀ ਬਹੁਤ ਸੇਵਾ ਕੀਤੀ ਹੈ ਤੇ ਉਹ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ। ਜਦੋਂ ਵੀ ਉਨ੍ਹਾਂ ਨੂੰ ਸਾਡੀ ਲੋੜ ਪਵੇਗੀ ਤਾਂ ਉਹ ਨਾਲ ਖੜ੍ਹੇ ਰਹਿਣਗੇ।