ਪਿੰਡ ਮਹਿਲਾਂ ਦੇ ਨੌਜਵਾਨ ਬਿਕਰਮ ਸਿੰਘ ਨਾਲ ਵਿਸ਼ੇਸ਼ ਗੱਲਬਾਤ ਸੰਗਰੂਰ:ਪੰਜਾਬ ਦੇ ਨੌਜਵਾਨਾਂ ਵਿੱਚ ਹੁਨਰ ਦੀ ਕੋਈ ਵੀ ਕਮੀ ਨਹੀਂ ਹੈ, ਜੇਕਰ ਪੰਜਾਬੀ ਮਨ ਵਿੱਚ ਧਾਰ ਲੈਣ ਤਾਂ ਉਹ ਕੰਮ ਨੂੰ ਕਰਕੇ ਹੀ ਹੱਟਦੇ ਹਨ। ਬੇਸ਼ੱਕ ਉਨ੍ਹਾਂ ਨੂੰ ਉਸਦੇ ਲਈ ਕੋਈ ਵੀ ਕੀਮਤ ਅਦਾ ਕਰਨੀ ਪਵੇ ਜਾਂ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਅਹਿਮ ਪਲ ਦੇਨੇ ਪੈਣ ਉਸ ਚੀਜ਼ ਤੋਂ ਵੀ ਪਿੱਛੇ ਨਹੀਂ ਹੱਟਦੇ। ਅਜਿਹਾ ਹੀ ਇੱਕ ਨੌਜਵਾਨ ਬਿਕਰਮ ਸਿੰਘ ਜੋ ਜ਼ਿਲ੍ਹਾ ਸੰਗਰੂਰ ਦੇ ਮਹਿਲਾਂ ਪਿੰਡ ਦਾ ਰਹਿਣ ਵਾਲਾ ਹੈ। ਉਸਨੇ ਆਪਣੇ ਦਿਮਾਗ ਦੇ ਨਾਲ ਮੋਟਰਸਾਇਕਲ ਦੇ ਟਾਇਰਾਂ ਦੀ ਵਰਤੋਂ ਕਰਕੇ ਇੱਕ ਸਾਈਕਲ ਬਣਾਇਆ ਹੈ, ਨੌਜਵਾਨ ਦਾ ਕਹਿਣਾ ਹੈ ਇਹ ਆਈਡੀਆ ਮੇਰੇ ਦਿਮਾਗ਼ ਵਿੱਚ ਉਦੋਂ ਆਇਆ, ਜਦੋਂ ਉਸਨੇ ਐਮੀ ਵਿਰਕ ਦੀ ਪੰਜਾਬੀ ਫਿਲਮ ਬੱਬੂ ਕਾਟ ਵੇਖੀ ਸੀ।
ਨੌਜਵਾਨ ਨੇ ਕੁੱਝ ਅਲੱਗ ਕਰਨ ਦਾ ਸੋਚਿਆ ਸੀ:ਇਸ ਦੌਰਾਨ ਹੀ ਗੱਲਬਾਤ ਕਰਦਿਆ ਨੌਜਵਾਨ ਬਿਕਰਮ ਸਿੰਘ ਨੇ ਦੱਸਿਆ ਕਿ ਮੈਂ ਕੁੱਝ ਅਲੱਗ ਕਿਸਮ ਦਾ ਕਰਨ ਬਾਰੇ ਸੋਚਿਆ ਸੀ। ਜਿਸ ਤੋਂ ਬਾਅਦ ਇਸ ਨੌਜਵਾਨ ਨੇ ਇੱਕ ਅਲੱਗ ਕਿਸਮ ਦਾ ਸਾਈਕਲ ਬਣਾਉਣ ਬਾਰੇ ਸੋਚਿਆ, ਇਸ ਉੱਤੇ ਜੋ ਵੀ ਕੀਮਤ ਆਈ ਹੈ, ਇਸ ਨੌਜਵਾਨ ਨੇ ਖੁਦ ਆਪਣੇ ਕੋਲੋਂ ਲਗਾਈ ਹੈ ਅਤੇ ਇਸ ਨੂੰ ਤਿਆਰ ਕਰਨ ਵਿੱਚ ਇਸ ਦਾ ਕਾਫੀ ਸਮਾਂ ਵੀ ਲੱਗਿਆ ਹੈ।
ਨੌਜਵਾਨ ਨੇ ਕਿਸ ਤਰ੍ਹਾਂ ਬੰਬੂਕਾਟ ਕੀਤਾ ਤਿਆਰ:ਨੌਜਵਾਨ ਬਿਕਰਮ ਸਿੰਘ ਨੇ ਦੱਸਿਆ ਉਸ ਨੇ ਪਹਿਲਾਂ ਸਾਈਕਲ ਦੀ ਇੱਕ ਡਰਾਇੰਗ ਤਿਆਰ ਕੀਤੀ ਤੇ ਫਿਰ ਬੈਲਡਿੰਗ ਵਾਲੇ ਤੋਂ ਬੈਲਡ ਕਰਵਾ ਕੇ ਰੰਗ ਕਰਕੇ ਇਸ ਨੂੰ ਤਿਆਰ ਕੀਤਾ ਗਿਆ ਹੈ। ਇਹ ਸਾਇਕਲ ਕਿੰਨਾ ਅਲੱਗ ਕਿਸਮ ਦਾ ਹੈ, ਤੁਸੀਂ ਵੀ ਪਹਿਲਾਂ ਸ਼ਾਇਦ ਇਸ ਤਰ੍ਹਾਂ ਦਾ ਸਾਈਕਲ ਨਹੀਂ ਦੇਖਿਆ ਹੋਣਾ। ਜੇਕਰ ਸਰਕਾਰਾਂ ਅਜਿਹੇ ਨੌਜਵਾਨਾਂ ਦਾ ਹੱਥ ਫੜਨ ਤਾਂ ਇਹ ਨੌਜਵਾਨ ਆਪਣੇ ਸੂਬੇ ਤੇ ਆਪਣੇ ਦੇਸ਼ ਦਾ ਨਾਮ ਕਾਫ਼ੀ ਵੱਡੇ ਪੱਧਰ ਉੱਤੇ ਰੌਸ਼ਨ ਕਰ ਸਕਦੇ ਹਨ। ਕਿਉਂਕਿ ਅਜਿਹਾ ਦਿਮਾਗ ਅਤੇ ਹੁਨਰ ਹਰ ਕਿਸੇ ਇਨਸਾਨ ਕੋਲ ਨਹੀਂ ਹੁੰਦਾ, ਇਹ ਕੁਦਰਤ ਵੱਲੋਂ ਦਿੱਤਾ ਇਕ ਤੋਹਫ਼ਾ ਹੁੰਦਾ ਹੈ, ਜੋ ਕਿ ਕਿਸੇ-ਕਿਸੇ ਵਿਅਕਤੀ ਕੋਲ ਹੁੰਦਾ ਹੈ।
ਨੌਜਵਾਨ ਨੇ ਸਰਕਾਰ ਤੋਂ ਮਦਦ ਮੰਗੀ:ਨੌਜਵਾਨ ਬਿਕਰਮ ਸਿੰਘ ਦਾ ਕਹਿਣਾ ਹੈ ਕਿ ਜੇਕਰ ਮੈਨੂੰ ਸਰਕਾਰ ਦੀ ਜਾਂ ਫਿਰ ਕਿਸੇ ਹੋਰ ਵਿਅਕਤੀ ਦੀ ਸਪੋਰਟ ਮਿਲ ਜਾਵੇ ਤਾਂ ਮੈਂ ਕੁਝ ਅਲੱਗ ਕਿਸਮ ਦਾ ਕਰਨਾ ਚਾਹੁੰਦਾ ਹਾਂ। ਪਰ ਪੈਸੇ ਦੀ ਕਮੀ ਹੋਣ ਦੇ ਕਾਰਨ ਇਸ ਨੌਜਵਾਨ ਨੇ ਕਿਹਾ ਕਿ ਮੈਂ ਬਹੁਤਾ ਕੁੱਝ ਨਹੀਂ ਕਰ ਸਕਦਾ, ਕਿਉਂਕਿ ਇਸ ਕੰਮ ਵਿੱਚ ਬਹੁਤ ਜ਼ਿਆਦਾ ਪੈਸਾ ਲੱਗ ਜਾਂਦਾ ਹੈ, ਪਰ ਮੇਰੇ ਘਰ ਦੇ ਹਾਲਾਤ ਇੰਨੇ ਵਧੀਆ ਨਹੀਂ ਹਨ, ਕੀ ਮੈਂ ਅਜਿਹਾ ਚੀਜ਼ਾਂ ਉੱਤੇ ਹੋਰ ਪੈਸਾ ਲਗਾ ਸਕਾਂ। ਪਰ ਜੇਕਰ ਕੋਈ ਮੇਰਾ ਸਾਥ ਦੇਵੇ ਤਾਂ ਮੈਂ ਹੋਰ ਅਜਿਹੀਆਂ ਚੀਜ਼ਾਂ ਤਿਆਰ ਕਰ ਸਕਦਾ ਹਾਂ। ਜਿਸ ਕਰਕੇ ਪੰਜਾਬ ਦੇ ਨਾਲ-ਨਾਲ ਦੇਸ਼ ਦਾ ਨਾਮ ਵੀ ਰੋਸ਼ਨ ਹੋ ਜਾਵੇਗਾ।