ਭਾਈ ਮਨੀ ਸਿੰਘ ਦੇ ਜਨਮ ਦਿਹਾੜੇ ਸਬੰਧੀ ਸਮਾਗਮ ਦੀ ਸਮਾਪਤੀ, ਪੁੱਜੀਆਂ ਮਹਾਨ ਸ਼ਖ਼ਸੀਅਤਾਂ - ਅਖੰਡ ਪਾਠ ਸਾਹਿਬ
ਸੰਗਰੂਰ: ਸਿੱਖ ਪੰਥ ਦੇ ਮਹਾਨ ਸ਼ਹੀਦ ਬ੍ਰਹਮਗਿਆਨੀ ਭਾਈ ਮਨੀ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਤ ਗੁਰਦੁਆਰਾ ਕੈਂਬੋਵਾਲ ਲੌਂਗੋਵਾਲ ਵਿਖੇ ਕਰਵਾਏ ਤਿੰਨ ਦਿਨਾਂ ਗੁਰਮਤਿ ਸਮਾਗਮ ਦੀ ਅੱਜ ਸਮਾਪਤੀ ਹੋ ਗਈ ਹੈ। ਇਸ ਦੌਰਾਨ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ।
ਕੈਂਬੋਵਾਲ ਲੌਂਗੋਵਾਲ ਵਿਖੇ ਕਰਵਾਏ ਗਏ ਸਮਾਗਮ ਵਿੱਚ ਅਕਾਲ ਤਖ਼ਤ ਦੇ ਕਾਰਜ਼ਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੌਬਿੰਦ ਸਿੰਘ ਲੌਂਗੋਵਾਲ ਅਤੇ ਹੋਰ ਪੰਥ ਦੀਆਂ ਮਹਾਨ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ। ਇਸ ਸਬੰਧੀ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਈ ਮਨੀ ਸਿੰਘ ਜੀ ਉਹ ਮਹਾਨ ਸ਼ਖ਼ਸੀਅਤ ਸਨ, ਜਿਨ੍ਹਾਂ ਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਾਰੀ ਹੋਣ ਦਾ ਮਾਣ ਬਖ਼ਸ਼ਿਸ਼ ਕੀਤਾ ਸੀ।
ਇਸ ਤੋਂ ਇਲਾਵਾ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਭਾਈ ਸਾਹਿਬ ਜੀ ਦਾ ਜੀਵਨ ਸਾਨੂੰ ਵੱਡੇ ਤੋਂ ਵੱਡੇ ਸੰਕਟ ਦਾ ਡੱਟ ਕੇ ਮੁਕਾਬਲਾ ਕਰਨ ਦਾ ਹੌਂਸਲਾ ਪ੍ਰਦਾਨ ਕਰਦਾ ਹੈ। ਭਾਈ ਲੌਂਗੋਵਾਲ ਨੇ ਗੁਰਮਤਿ ਸਮਾਗਮ ਵਿਚ ਪਹੁੰਚੀ ਸੰਗਤ ਦਾ ਧੰਨਵਾਦ ਕੀਤਾ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ।