ਸੰਗਰੂਰ: ਲੰਮੇ ਸਮੇਂ ਦੀ ਚੁੱਪੀ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦਾ ਬਿਆਨ ਸਾਹਮਣੇ ਆਇਆ ਹੈ, ਜਿਸ ਵਿੱਚ ਉਨ੍ਹਾਂ ਨੇ ਕੇਂਦਰ ਵੱਲੋਂ ਲਿਆਂਦੇ ਨਵੇਂ ਖੇਤੀ ਆਰਡੀਨੈਂਸਾਂ ਦੇ ਹੱਕ ਵਿੱਚ ਹਾਮੀ ਭਰੀ ਹੈ। ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਪਰਕਾਸ਼ ਸਿੰਘ ਬਾਦਲ ਦੇ ਇਸ ਬਿਆਨ ਦੀ ਨਿਖੇਧੀ ਕੀਤੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਖੇਤੀ ਦੇ ਉੱਤੇ ਕੇਂਦਰ ਸਰਕਾਰ ਨੇ ਜੋ ਆਰਡੀਨੈਂਸ ਪਾਸ ਕੀਤੇ ਹਨ ਉਹ ਕਿਸਾਨ ਵਿਰੋਧੀ ਹਨ। ਪੰਜਾਬ ਦੀਆਂ ਸਾਰੀਆਂ ਕਿਸਾਨ ਯੂਨੀਅਨਾਂ ਅਤੇ ਖੇਤੀ ਦੇ ਮਾਹਿਰ ਇਹ ਕਹਿ ਰਹੇ ਹਨ ਕਿ ਇਹ ਆਰਡੀਨੈਂਸ ਕਿਸਾਨੀ ਦੇ ਖ਼ਿਲਾਫ਼ ਹਨ ਤਾਂ ਪਰਕਾਸ਼ ਸਿੰਘ ਬਾਦਲ ਕਿਵੇਂ ਕਹਿ ਸਕਦੇ ਹਨ ਕਿ ਇਹ ਆਰਡੀਨੈਂਸ ਕਿਸਾਨ ਹਿਤੈਸ਼ੀ ਹਨ।
ਮਾਨ ਨੇ ਅੱਗੇ ਕਿਹਾ ਕਿ ਪਰਕਾਸ਼ ਸਿੰਘ ਬਾਦਲ ਨੂੰ ਅੱਜ ਇਸ ਲਈ ਸਾਹਮਣੇ ਆਉਣਾ ਪਿਆ ਕਿਉਂਕਿ ਸੁਖਬੀਰ ਸਿੰਘ ਬਾਦਲ ਦੀ ਗੱਲ 'ਤੇ ਕੋਈ ਯਕੀਨ ਨਹੀਂ ਕਰ ਰਿਹਾ ਪਰ ਹੁਣ ਲੋਕ ਪਰਕਾਸ਼ ਸਿੰਘ ਬਾਦਲ ਦੀ ਗੱਲ 'ਤੇ ਵੀ ਯਕੀਨ ਨਹੀਂ ਕਰਨਗੇ ਕਿਉਂਕਿ ਕੇਂਦਰ ਸਰਕਾਰ ਨੇ ਸਪੱਸ਼ਟ ਕਹਿ ਦਿੱਤਾ ਹੈ ਕਿ ਸਾਡੀ ਏਜੰਸੀ ਜਿੰਨੀ ਕਣਕ ਅਤੇ ਝੋਨੇ ਦੀ ਲੋੜ ਹੋਵੇਗੀ ਓਨੀ ਹੀ ਫ਼ਸਲ ਖ਼ਰੀਦੇਗੀ ਬਾਕੀ ਰਾਜ ਸਰਕਾਰ ਆਪ ਪ੍ਰਬੰਧ ਕਰਨ।