ਸੰਗਰੂਰ: ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਬਿਆਨ ਦਿੰਦਿਆਂ ਹੋਇਆ ਕੈਪਟਨ ਅਤੇ ਮੋਦੀ ਸਰਕਾਰ ਨੂੰ ਕਰੜੇ ਹੱਥੀ ਲਿਆ। ਮਾਨ ਨੇ ਕੈਪਟਨ ਸਰਕਾਰ ਨੂੰ ਬੇਅਦਬੀ ਮਾਮਲੇ ਦੀ ਜਾਂਚ ਸਬੰਧੀ ਘੇਰਿਆ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਟਰੰਪ ਦੇ ਸਟੂਡੈਂਟ ਵੀਜ਼ੇ ਵਾਲੇ ਵਿਦਿਆਰਥੀਆਂ ਨੂੰ ਵਾਪਿਸ ਭੇਜਣ ਦੇ ਫੈਸਲੇ 'ਤੇ ਘੇਰਿਆ।
ਬੇਅਦਬੀ ਮਾਮਲੇ ਬਾਰੇ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਇੱਕ ਮਾਮਲੇ ਦੀਆਂ ਹੀ 3 ਜਾਂਚ ਚੱਲ ਰਹੀਆਂ ਹਨ। ਸੀਬੀਆਈ ਨੇ ਵੀ ਕੋਰਟ 'ਚ ਅਰਜ਼ੀ ਦਿੱਤੀ ਹੈ ਕਿ ਜੋ ਪੰਜਾਬ ਪੁਲਿਸ ਜਾਂਚ ਕਰ ਰਹੀ ਹੈ ਉਹ ਸਾਡੀ ਜਾਂਚ ਨੂੰ ਪ੍ਰਭਾਵਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੀਬੀਆਈ ਨੇ ਵੀ ਮੰਗ ਕੀਤੀ ਹੈ ਕਿ ਪੰਜਾਬ ਪੁਲਿਸ ਵੱਲੋਂ ਜੋ ਐਸਆਈਟੀ ਬਣਾਈ ਹੈ, ਉਸ ਨੂੰ ਹਟਾਇਆ ਜਾਵੇ।
ਬੇਅਦਬੀ ਮਾਮਲੇ 'ਤੇ ਭਗਵੰਤ ਮਾਨ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਇਸ ਤਰ੍ਹਾਂ ਦੀ ਜਾਂਚ ਕਰਕੇ ਸਿਰਫ਼ ਬਾਦਲ ਪਰਿਵਾਰ ਨੂੰ ਬੇਅਦਬੀ ਮਾਮਲੇ ਦੇ ਵਿੱਚ ਬਚਾਉਣਾ ਚਾਹੁੰਦੀ ਹੈ ਪਰ ਪੰਜਾਬ ਦੇ ਲੋਕਾਂ ਦੀ ਕਚਹਿਰੀ ਦੇ ਵਿੱਚ ਬਾਦਲ ਪਰਿਵਾਰ ਦੋਸ਼ੀ ਸਾਬਤ ਹੋ ਚੁੱਕਿਆ ਹੈ।
ਉਧਰ ਦੂਜੇ ਪਾਸੇ ਭਗਵੰਤ ਮਾਨ ਨੇ ਪੀਐਮ ਮੋਦੀ ਨੂੰ ਘੇਰਦਿਆਂ ਕਿਹਾ ਕਿ ਇੱਕ ਪਾਸੇ ਤਾਂ ਮੋਦੀ ਸਾਹਿਬ ਕਹਿੰਦੇ ਹਨ ਕਿ ਉਨ੍ਹਾਂ ਦੀ ਟਰੰਪ ਨਾਲ ਬਹੁਤ ਚੰਗੀ ਦੋਸਤੀ ਹੈ ਤੇ ਦੂਜੇ ਪਾਸੇ ਟਰੰਪ ਸਰਕਾਰ ਨੇ ਭਾਰਤੀ ਸਟੂਡੈਂਟ ਵੀਜ਼ੇ ਵਾਲੇ ਵਿਦਿਆਰਥੀਆਂ ਨੂੰ ਵਾਪਿਸ ਭੇਜਣ ਦਾ ਫੈਸਲਾ ਲੈ ਲਿਆ ਹੈ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖ ਕਿਹਾ ਕਿ ਅਮਰੀਕਾ ਅਤੇ ਕੁਵੈਤ ਦੀਆਂ ਸਰਕਾਰਾਂ ਵੱਲੋਂ ਲਏ ਗਏ ਫੈਸਲੇ ਬਾਰੇ ਉਨ੍ਹਾਂ ਨਾਲ ਗੱਲ ਕਰਨ।
ਭਗਵੰਤ ਮਾਨ ਨੇ ਕਿਹਾ ਕਿ ਜੇਕਰ ਭਾਰਤ ਦੇ ਲੋਕਾਂ ਨੂੰ ਹੀ ਕੋਈ ਫਾਇਦਾ ਨਹੀਂ ਹੋ ਰਿਹਾ ਤਾਂ ਤੁਹਾਡੀ ਟਰੰਪ ਅਤੇ ਕੁਵੈਤ ਦੀਆਂ ਸਰਕਾਰਾਂ ਨਾਲ ਦੋਸਤੀ ਦਾ ਕੀ ਫਾਇਦਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਉਨ੍ਹਾਂ ਸਰਕਾਰਾਂ ਨਾਲ ਗੱਲਬਾਤ ਕਰਨ ਅਤੇ ਭਾਰਤੀ ਵਿਦਿਆਰਥੀਆਂ ਦਾ ਹੱਲ ਕਰਨ।