ਮਾਲੇਰਕੋਟਲਾ: ਰਿਆਸਤੀ ਸ਼ਹਿਰ ਜਿੱਥੋਂ ਦੇ ਨਵਾਬ ਰਹੇ ਸ਼ੇਰ ਮੁਹੰਮਦ ਖ਼ਾਨ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਵਜ਼ੀਰ ਵੱਲੋਂ ਜਿੰਦਾਂ ਨੀਂਹਾਂ ਵਿੱਚ ਚਿਣਵਾਉਣ ਦਾ ਵਿਰੋਧ ਕੀਤਾ ਅਤੇ ਉਨ੍ਹਾਂ ਨੂੰ ਬਚਾਉਣ ਲਈ ਉਨ੍ਹਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ। ਇਸ ਨੂੰ ਲੈ ਕੇ ਸਿੱਖ ਜਗਤ ਵਿੱਚ ਨਵਾਬ ਸ਼ੇਰ ਮੁਹੰਮਦ ਦਾ ਨਾਂ ਸੁਨਹਿਰੀ ਅੱਖਰਾਂ 'ਚ ਲਿਖਿਆ ਗਿਆ ਹੈ।
ਇਸ ਦੇ ਚਲਦਿਆਂ ਜੇਕਰ ਗੱਲ ਕਰੀਏ ਇਥੋਂ ਦੇ 'ਸਰ ਹੀ ਬਾਈ' ਦੇ 22 ਨਵਾਬਾਂ ਦੀ ਤਾਂ 22 ਦੇ 22 ਨਵਾਬਾਂ ਦੇ ਮਹਿਲ-ਕਿਲੇ ਢਹਿ-ਢੇਰੀ ਹੋ ਚੁੱਕੇ ਹਨ ਤੇ ਖੰਡਰ ਬਣ ਚੁੱਕੇ ਹਨ। ਪਰ ਇੱਥੋਂ ਦੇ ਆਖ਼ਰੀ 23ਵੇਂ ਨਵਾਬ ਦੀ ਬੇਗ਼ਮ ਮੁਨੱਵਰ ਉਨ ਨਿਸ਼ਾ ਜੋ 100 ਦੇ ਕਰੀਬ ਹੈ ਜੋ ਅੱਜ ਵੀ ਇਸ ਮਹਿਲ ਮੁਬਾਰਕ ਮੰਜ਼ਿਲ ਵਿੱਚ ਰਹਿ ਰਹੀ ਹੈ।
ਕਿਲਾ ਮੁਬਾਰਕ ਮੰਜ਼ਿਲ ਮਹਿਲ਼ ਦੀ ਬੇਗਮ ਨੇ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ ਬੇਗ਼ਮ ਨਿਸ਼ਾ ਦੀ ਆਖਰੀ ਇੱਛਾ ਸੀ ਕਿ ਇਹ ਮਹਿਲ ਹੋਰਨਾਂ ਮਹਿਲਾ ਵਾਂਗ ਢਹਿ-ਢੇਰੀ ਨਾ ਹੋਵੇ ਤੇ ਨਾ ਹੀ ਖੰਡਰ ਬਣੇ। ਇਸ ਨੂੰ ਵੇਖਦਿਆਂ ਉਨ੍ਹਾਂ ਆਪਣੀ ਆਖ਼ਰੀ ਇੱਛਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਰੱਖੀ ਤੇ ਕਿਹਾ ਕਿ ਇਹ ਮੁਬਾਰਕ ਮੰਜ਼ਿਲ ਮਹਿਲ ਪੰਜਾਬ ਸਰਕਾਰ ਆਪਣੇ ਹੱਥ ਵਿੱਚ ਲੈ ਲਵੇ ਤਾਂ ਜੋ ਇਸ ਦੀ ਸਾਂਭ-ਸੰਭਾਲ ਹੋ ਸਕੇ।
ਦੱਸ ਦਈਏ ਕਿ ਪਿਛਲੀ ਹੋਈ ਕੈਬਿਨੇਟ ਮੀਟਿੰਗ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਮਤਾ ਪਾਸ ਕਰ ਦਿੱਤਾ ਅਤੇ ਇਹ ਮੁਬਾਰਕ ਮੰਜ਼ਿਲ ਮਹਿਲ ਮਲੇਰਕੋਟਲਾ ਰਿਆਸਤ ਦਾ ਆਖ਼ਰੀ ਮਹਿਲ ਪੰਜਾਬ ਸਰਕਾਰ ਨੇ ਆਪਣੇ ਹੱਥ ਵਿੱਚ ਲੈ ਲਿਆ। ਇਸ ਦੀ ਸਾਂਭ-ਸੰਭਾਲ ਤੋਂ ਲੈ ਕੇ ਹਰ ਤਰ੍ਹਾਂ ਦੀ ਪੂਰੀ ਜ਼ਿੰਮੇਵਾਰੀ ਨੂੰ ਪੰਜਾਬ ਸਰਕਾਰ ਨਿਭਾਏਗੀ।
ਇਸ ਨੂੰ ਲੈ ਕੇ ਬੇਗ਼ਮ ਮੁਨੱਵਰ ਉਨ ਨਿਸ਼ਾ ਨਾਲ ਈਟੀਵੀ ਭਾਰਤ ਨੇ ਖ਼ਾਸ ਗੱਲਬਾਤ ਕੀਤੀ। ਉਨ੍ਹਾਂ ਸਰਕਾਰ ਦੇ ਫੈਸਲੇ 'ਤੇ ਖ਼ੁਸ਼ੀ ਜ਼ਾਹਿਰ ਕੀਤੀ ਤੇ ਕੈਪਟਨ ਅਮਰਿੰਦਰ ਸਿੰਘ ਅਤੇ ਪੂਰਨ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ, ਜਿਨ੍ਹਾਂ ਉਨ੍ਹਾਂ ਦੀ ਆਖਰੀ ਇੱਛਾ ਨੂੰ ਪ੍ਰਵਾਨ ਕੀਤਾ। ਇਸ ਮੌਕੇ ਇਥੇ ਦੇ ਕੁਝ ਲੋਕਾਂ ਤੇ ਇੱਥੋਂ ਦੀ ਸਾਂਭ-ਸੰਭਾਲ ਕਰਨ ਵਾਲੇ ਵਿਅਕਤੀਆਂ ਨੇ ਵੀ ਖੁਸ਼ੀ ਜ਼ਾਹਿਰ ਕੀਤੀ ਤੇ ਸਰਕਾਰ ਦਾ ਧੰਨਵਾਦ ਕੀਤਾ।