ਸੰਗਰੂਰ:ਐਡਵੋਕੇਟ ਅਸ਼ਵਨੀ ਚੌਧਰੀ, ਜੋ ਕਿ ਪੇਸ਼ੇਵਰ ਵਕੀਲ ਹਨ, ਪਰ ਸ਼ੌਂਕ ਹੈ, ਪੁਰਾਣੀ ਚੀਜ਼ਾਂ ਨੂੰ ਸੰਜੋ ਕੇ ਰੱਖਣਾ ਅਤੇ ਇਸ ਪਿੱਛੇ ਉਦੇਸ਼ ਹੈ, ਆਉਣ ਵਾਲੀ ਪੀੜੀ ਨੂੰ ਇਸ ਨਾਲ ਜੋੜ ਕੇ ਰੱਖਣਾ। ਜਦੋਂ ਸਾਡੀ ਈਟੀਵੀ ਭਾਰਤ ਦੀ ਟੀਮ ਸੰਗਰੂਰ ਵਿਖੇ ਐਡਵੋਕੇਟ ਅਸ਼ਵਨੀ ਚੌਧਰੀ ਦੇ ਘਰ ਪਹੁੰਚੀ ਤਾਂ, ਵੇਖਿਆ ਗਿਆ ਕਿ ਉਨ੍ਹਾਂ ਨੇ ਪੁਰਾਤਨ ਵਿਰਾਸਤੀ ਚੀਜ਼ਾਂ ਦਾ ਖ਼ਜ਼ਾਨਾ ਬਹੁਤ ਹੀ ਸੁਚੱਜੇ ਢੰਗ ਨਾਲ ਸੰਭਾਲ ਕੇ ਰੱਖਿਆ ਹੋਇਆ ਹੈ। ਇਹ ਵਿਰਾਸਤੀ ਵਸਤਾਂ 100-150 ਸਾਲ ਪੁਰਾਣੀਆਂ ਹਨ।
ਕਿਵੇਂ ਪਿਆ ਸ਼ੌਂਕ:ਗੱਲ ਕਰਦੇ ਹੋਏ ਐਡਵੋਕੇਟ ਅਸ਼ਵਨੀ ਚੌਧਰੀ ਨੇ ਦੱਸਿਆ ਕਿ ਬਚਪਨ ਤੋਂ ਹੀ ਇਹ ਚੀਜ਼ਾਂ ਮੈਂ ਅਪਣੇ ਘਰ ਵਿੱਚ ਵੇਖਦਾ ਆਇਆ ਹਾਂ। ਉਨ੍ਹਾਂ ਦੱਸਿਆ ਕਿ ਸਾਡੇ ਘਰ ਵਿੱਚ ਪੁਰਾਣੀਆਂ ਵਸਤਾਂ ਹੁੰਦੀਆਂ ਸਨ। ਫਿਰ ਜਦੋਂ ਸਮਾਂ ਬਦਲਣ ਲੱਗਾ, ਤਾਂ ਨਵੀਂ ਚੀਜ਼ਾਂ ਆਉਣ ਲੱਗੀਆਂ। ਉਦੋਂ ਹੀ ਸਮਝ ਆ ਗਈ ਸੀ ਕਿ ਇਨ੍ਹਾਂ ਪੁਰਾਣੀਆਂ ਵਸਤਾਂ ਨੂੰ ਸੰਭਾਲਣਾ ਜ਼ਰੂਰੀ ਹੈ, ਕਿਉਂਕਿ ਇਹ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ 'ਚ ਅਲੋਪ ਹੋ ਜਾਣਗੀਆਂ। ਬਸ, ਇਸੇ ਉਦੇਸ਼ ਨੂੰ ਲੈ ਕੇ ਉਨ੍ਹਾਂ ਨੇ ਵਿਰਾਸਤੀ ਚੀਜ਼ਾਂ ਨੂੰ ਸੰਭਾਲਣਾ ਸ਼ੁਰੂ ਕੀਤਾ, ਤਾਂ ਜੋ ਆਉਣ ਵਾਲੀ ਪੀੜ੍ਹੀ ਇਨ੍ਹਾਂ ਚੀਜ਼ਾਂ ਦੀ ਜਾਣਕਾਰੀ ਤੋਂ ਵਾਂਝੀ ਨਾ ਰਹਿ ਸਕੇ।
100 ਸਾਲ ਤੋਂ ਪੁਰਾਣੀਆਂ ਵਸਤਾਂ ਮੌਜੂਦ: ਐਡਵੋਕੇਟ ਅਸ਼ਵਨੀ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਕੋਲ 100-15 ਸਾਲ ਪੁਰਾਣੀਆਂ ਵਸਤਾਂ ਮੌਜੂਦ ਹਨ। ਉਨ੍ਹਾਂ ਨੇ ਪੁਰਾਣੇ ਸਿੱਕਿਆਂ, ਪੁਰਾਣੀ ਕਰੰਸੀ, ਪੁਰਾਣੀਆਂ ਘੜੀਆਂ, ਪੁਰਾਣੀਆਂ ਕਾਰਾਂ ਤੇ ਹੋਰ ਵੀ ਪੁਰਾਣੀਆਂ ਵਿਰਾਸਤੀ ਪੈਂਟਿੰਗਾਂ ਦੀ ਕਲੈਕਸ਼ਨ ਸੰਭਾਲ ਕੇ ਰੱਖੀ ਹੈ। ਇੰਗਲੈਂਡ ਤੋਂ ਬਣ ਕੇ ਆਈਆਂ ਗੱਡੀਆਂ ਵੀ ਉਨ੍ਹਾਂ ਨੇ ਸੰਭਾਲ ਕੇ ਰੱਖੀ ਹੈ। ਇਹ ਅੱਜ ਵੀ ਚੱਲਦੀ ਹੈ। ਉਸ ਗੱਡੀ ਦਾ ਇੰਜਣ ਤੋਂ ਲੈ ਕੇ ਸਭ ਕੁਝ ਆਰਜੀਨਲ ਹੈ। ਇਸ ਵਿੱਚ ਕੁਝ ਵੀ ਮੋਡੀਫਾਈਡ ਨਹੀਂ ਕੀਤਾ ਗਿਆ।