ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਆਇਕ ਅਮਨ ਅਰੋੜਾ ਨੇ ਉਦਯੋਗ, ਵਪਾਰਕ ਅਤੇ ਇਸ ਦੇ ਕਾਮਿਆਂ ਲਈ ਪੈਕੇਜ ਦੀ ਮੰਗ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਿਆ ਹੈ। ਨਾਲ ਹੀ ਅਮਨ ਅਰੋੜਾ ਨੇ ਮੰਗ ਕੀਤੀ ਕੈਪਟਨ ਆਪਣੇ ਬਿਆਨਾਂ ਰਾਹੀਂ ਇਸ ਵਰਗ ਨੂੰ ਭੰਬਲਭੂਸੇ ਵਿੱਚ ਨਾ ਪਾਉਣ।
'ਗੁੰਝਲਦਾਰ ਬਿਆਨਬਾਜ਼ੀ ਰਾਹੀਂ ਵਪਾਰੀਆਂ ਤੇ ਕਾਮਿਆਂ ਨੂੰ ਭੰਬਲਭੂਸੇ ਵਿੱਚ ਨਾ ਪਾਉਣ ਕੈਪਟਨ'
ਆਪ ਵਿਧਾਇਕ ਅਮਨ ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਦਿਆਂ ਮੰਗ ਕੀਤੀ ਕਿ ਕੈਪਟਨ ਆਪਣੇ ਬਿਆਨਾਂ ਰਾਹੀਂ ਵਪਾਰੀਆਂ ਅਤੇ ਕਾਮਿਆਂ ਨੂੰ ਭੰਬਲਭੂਸੇ ਵਿੱਚ ਨਾ ਪਾਉਣ।
ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਮੁੱਖ ਮੰਤਰੀ ਨੇ ਕੇਂਦਰੀ ਕਿਰਤ ਮੰਤਰਾਲੇ ਅਤੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਸੀ ਕਿ ਉਹ ਵਪਾਰੀਆਂ ਆਦਿ ਵੱਲੋਂ ਆਪਣੇ ਕਾਮਿਆਂ ਨੂੰ ਸਮੇਂ ਸਿਰ ਪੂਰੀ ਤਨਖ਼ਾਹ ਦੇਣ ਵਾਲੇ ਆਪਣੇ ਹੁਕਮਾਂ 'ਤੇ ਮੁੜ ਵਿਚਾਰ ਕਰਨ ਕਿਉਂਕਿ ਇਸ ਨਾਲ ਉਹ ਦੀਆਵਲੀਆਪਨ ਵੱਲ ਜਾ ਸਕਦੇ ਹਨ। ਦੂਜੇ ਪਾਸੇ ਸੂਬੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਸਾਰੇ ਕਾਮਿਆਂ ਨੂੰ ਸਮੇਂ ਸਿਰ ਪੂਰੀ ਤਨਖ਼ਾਹ ਮਿਲਣੀ ਚਾਹੀਦੀ ਹੈ।
ਇਸ ਨੂੰ ਲੈ ਕੇ ਅਮਨ ਅਰੋੜਾ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਔਖੀ ਘੜੀ ਵਿੱਚ ਇਨ੍ਹਾਂ ਲੋਕਾਂ ਦੀ ਬਾਂਹ ਫੜਨ ਨਾ ਕਿ ਗੁੰਝਲਦਾਰ ਬਿਆਨਬਾਜ਼ੀ ਕਰਨ। ਅਰੋੜਾ ਨੇ ਕਿਹਾ ਕਿ ਇਨ੍ਹਾਂ ਅਦਾਰਿਆਂ ਵਿੱਚ ਕੰਮ ਕਰਨ ਵਾਲਿਆਂ ਦੀ ਬਾਂਹ ਫ਼ੜਨ ਦੀ ਜਿੰਨੀ ਜ਼ਿੰਮੇਵਾਰੀ ਅਦਾਰਿਆਂ ਦੀ ਬਣਦੀ ਹੈ ਉਸ ਤੋਂ ਜ਼ਿਆਦਾ ਰਾਜ ਅਤੇ ਕੇਂਦਰ ਸਰਕਾਰ ਦੀ ਬਣਦੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਮੁੱਖ ਮੰਤਰੀ ਇਨ੍ਹਾਂ ਅਦਾਰਿਆਂ ਦੇ ਹੱਕ ਵਿੱਚ ਬਿਆਨ ਦੇ ਰਹੇ ਹਨ, ਉੱਥੇ ਹੀ ਸਰਕਾਰੀ ਮਹਿਕਮੇ ਇਨ੍ਹਾਂ ਨੂੰ ਦਬਕਾਉਣ ਵਾਲੇ ਦਿਸ਼ਾ ਨਿਰਦੇਸ਼ ਜਾਰੀ ਕਰ ਰਹੇ ਹਨ।