ਸੰਗਰੂਰ: ਜ਼ਿਲ੍ਹੇ ਦੇ ਅਕਾਲੀ ਦਲ ਦੇ ਵੱਖ-ਵੱਖ ਆਗੂਆਂ ਦੇ ਢੀਂਡਸਾ ਪਰਿਵਾਰ ਨੂੰ ਸਮਰਥਨ ਦੇਣ ਤੋਂ ਬਾਅਦ ਅਕਾਲੀ ਦਲ ਹੁਣ ਢੀਂਡਸਾ ਪਿਉ-ਪੁੱਤ ਨੂੰ ਆਪਣੀ ਤਾਕਤ ਵਿਖਾਉਣ ਦੀ ਤਿਆਰੀ ਕਰ ਰਿਹਾ ਹੈ। ਸੰਗਰੂਰ 'ਚ ਦੋ ਫਰਵਰੀ ਨੂੰ ਅਕਾਲੀ ਦਲ ਦੀ ਰੈਲੀ ਹੈ ਜਿਸ 'ਚ ਖਾਸ ਤੌਰ ਤੇ ਇਹ ਕਿਹਾ ਗਿਆ ਹੈ ਕਿ ਇਹ ਰੈਲੀ ਸਿਰਫ਼ ਸੰਗਰੂਰ ਤੇ ਬਰਨਾਲਾ ਦੀ ਹੈ, ਸੂਬੇ ਪੱਧਰ ਦੀ ਨਹੀਂ।
ਢੀਂਡਸਿਆਂ ਦੇ ਗੜ੍ਹ 'ਚ ਅਕਾਲੀ ਦਲ ਦਾ ਸ਼ਕਤੀ ਪ੍ਰਦਰਸ਼ਨ
2 ਫਰਵਰੀ ਨੂੰ ਸੰਗਰੂਰ 'ਚ ਅਕਾਲੀ ਦਲ ਦੀ ਰੈਲੀ ਹੋਵੇਗੀ ਜਿਸ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਚਰਨਜੀਤ ਸਿੰਘ ਬਰਾੜ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਰੈਲੀ 'ਚ ਸਿਰਫ਼ ਸੰਗਰੂਰ ਤੇ ਬਰਨਾਲਾ ਦੇ ਅਕਾਲੀ ਵਰਕਰਾਂ ਨੂੰ ਹੀ ਸੱਦਿਆ ਗਿਆ ਹੈ।
ਅਕਾਲੀ ਦਲ ਦੀ ਇਸ ਵਿਸ਼ਾਲ ਰੈਲੀ ਦੀ ਤਿਆਰੀ ਦਾ ਜਾਇਜ਼ਾ ਲੈਣ ਚਰਨਜੀਤ ਸਿੰਘ ਬਰਾੜ ਪਹੁੰਚੇ ਜਿੱਥੇ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਅਕਾਲੀ ਦਲ ਦੀ ਇਸ ਰੈਲੀ 'ਚ ਜ਼ਿਲ੍ਹਾ ਸੰਗਰੂਰ ਦੇ ਸੱਤ ਹਲਕਿਆਂ ਤੋਂ ਅਕਾਲੀ ਦਲ ਦੇ ਵਰਕਰਾਂ ਨੂੰ ਸੱਦਾ ਦਿੱਤਾ ਗਿਆ ਹੈ।
ਬਰਾੜ ਨੇ ਜਾਣਕਾਰੀ ਦਿੱਤੀ ਕਿ ਇਹ ਰੈਲੀ ਇੱਕ ਸਬੂਤ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਹੈ ਅਤੇ ਇਸ ਰੈਲੀ ਦੇ ਵਿੱਚ ਕਾਂਗਰਸ ਸਰਕਾਰ ਤੇ ਵੀ ਨਿਸ਼ਾਨੇ ਵਿੰਨ੍ਹੇ ਜਾਣਗੇ ਕਿਉਂਕਿ ਜੋ ਉਨ੍ਹਾਂ ਨੇ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਸੀ ਉਹ ਹੁਣ ਤੱਕ ਪੂਰੇ ਨਹੀਂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਰੈਲੀ ਸੁਖਦੇਵ ਸਿੰਘ ਢੀਂਡਸਾ ਦੇ ਗੜ੍ਹ ਵਿੱਚ ਕੀਤੀ ਜਾ ਰਹੀ ਹੈ ਕਿਉਂਕਿ ਉਹ ਦੱਸ ਦੇਣਾ ਚਾਹੁੰਦੇ ਹਨ ਕਿ ਪਾਰਟੀ ਇੱਕ ਹੈ ਅਤੇ ਇੱਕ ਹੋ ਕੇ ਹੀ ਅੱਗੇ ਵਧ ਰਹੀ ਹੈ।