ਸੰਗਰੂਰ: ਕੋਰੋਨਾ ਮਹਾਂਮਾਰੀ ਦੇ ਚਲਦੇ ਪੰਜਾਬ ਵਿੱਚ ਮਜ਼ਦੂਰਾਂ ਦੀ ਕਮੀ ਹੋਣ ਕਾਰਨ ਕਿਸਾਨ ਹੁਣ ਬਿਨਾਂ ਪਾਣੀ ਦੇ ਡੀਸੀਆਰ ਮਸ਼ੀਨ ਨਾਲ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਹਨ।
'ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਖ਼ਰਚ ਘੱਟ ਹੁੰਦਾ' ਖੇਤੀਬਾੜੀ ਵਿਭਾਗ ਦੇ ਅਧਿਕਾਰੀ ਵੀ ਖੇਤਾਂ ਵਿੱਚ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਨ। ਉੱਥੇ ਹੀ ਸੰਗਰੂਰ ਦੇ ਪਿੰਡ ਭੁੱਲਰਹੇੜੀ ਦੇ ਕਿਸਾਨ ਅਮਰੀਕ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਪਹਿਲਾਂ ਆਪਣੇ ਖੇਤ ਵਿੱਚ 6 ਏਕੜ ਜ਼ਮੀਨ 'ਤੇ ਝੋਨੇ ਦੀ ਸਿੱਧੀ ਬਿਜਾਈ ਕਰਕੇ ਟਰਾਇਲ ਕੀਤਾ ਜਿਸ ਨਾਲ ਝਾੜ ਉੱਤੇ ਕੋਈ ਅਸਰ ਨਹੀਂ ਹੋਇਆ। ਇਸ ਤੋਂ ਬਾਅਦ ਉਸ ਨੇ ਆਪਣੀ 20 ਏਕੜ ਜ਼ਮੀਨ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ।
ਉਸ ਨੇ ਦੱਸਿਆ ਕਿ ਇਸ ਬਾਰ ਉਨ੍ਹਾਂ ਨੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ ਜਿਸ ਕਰਕੇ ਲੇਬਰ ਦਾ ਖਰਚਾ ਵੀ ਬੱਚ ਰਿਹਾ ਹੈ। ਉਨ੍ਹਾਂ ਦਾ ਪ੍ਰਤੀ ਏਕੜ ਜ਼ਮੀਨ 'ਤੇ ਸਿੱਧੀ ਬਿਜਾਈ ਕਰਨ ਵਿੱਚ ਸਿਰਫ਼ 300 ਰੁਪਏ ਦਾ ਡੀਜ਼ਲ ਲੱਗ ਰਿਹਾ ਹੈ। ਜੇਕਰ ਲੇਬਰ ਲਗਾਉਂਦੇ ਸੀ ਤਾਂ 5 ਹਜ਼ਾਰ ਤੋਂ ਲੈ ਕੇ 6 ਹਜ਼ਾਰ ਰੁਪਏ ਦਾ ਖ਼ਰਚ ਆਉਂਦਾ ਹੈ।
ਕਿਸਾਨ ਦਾ ਕਹਿਣਾ ਹੈ ਕਿ ਸਿੱਧੀ ਬਿਜਾਈ ਨਾਲ ਪਾਣੀ ਦੀ ਬਚਤ ਵੀ ਹੁੰਦੀ ਹੈ ਤੇ ਝਾੜ ਉੱਤੇ ਵੀ ਕੋਈ ਅਸਰ ਨਹੀਂ ਪੈਂਦਾ ਹੈ। ਦੂਜੇ ਪਾਸੇ ਸੰਗਰੂਰ ਐਗਰੀਕਲਚਰ ਚੀਫ਼ ਡਾਕਟਰ ਜਸਵਿੰਦਰ ਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਉਹ ਝੋਨੇ ਦੀ ਸਿੱਧੀ ਬਿਜਾਈ ਦਾ ਜਾਇਜ਼ਾ ਲੈਣ ਪੁੱਜੇ।
ਉਨ੍ਹਾਂ ਕਿਹਾ ਕਿ ਸੰਗਰੂਰ ਵਿੱਚ ਢਾਈ ਲੱਖ ਹੇਕਟੇਅਰ 'ਚ ਝੋਨੇ ਦੀ ਸਿੱਧੀ ਬਿਜਾਈ ਹੋ ਰਹੀ ਹੈ, ਲੇਕਿਨ ਇਸ ਵਾਰ 50 ਹਜ਼ਾਰ ਤੋਂ ਜ਼ਿਆਦਾ ਝੋਨੇ ਦੀ ਬਿਜਾਈ ਡੀਸੀਆਰ ਮਸ਼ੀਨ ਦੇ ਰਾਹੀਂ ਹੋਈ। ਇਸ ਦੇ ਨਾਲ ਹੀ ਉਹ ਕਿਸਾਨਾਂ ਨੂੰ ਜਾਗਰੂਕ ਵੀ ਕਰ ਰਹੇ ਹਨ ਕਿ ਜਿਹੜੀ ਚੰਗੀ ਉਪਜਾਊ ਜ਼ਮੀਨ ਹੈ ਤੇ ਰੇਤੀਲੀ ਜ਼ਮੀਨ ਨਹੀਂ ਹੈ ਤਾਂ ਉੱਥੇ ਸਿੱਧੀ ਬਿਜਾਈ ਕੀਤੀ ਜਾਵੇ। ਅਜਿਹਾ ਕਰਨ ਨਾਲ 40-45% ਪਾਣੀ ਦੀ ਬਚਤ ਹੁੰਦੀ ਹੈ ਤੇ ਕਿਸਾਨਾਂ ਨੂੰ ਵੀ ਮੁਨਾਫਾ ਹੁੰਦਾ ਹੈ। ਇਸ ਤਕਨੀਕ ਦੇ ਨਾਲ ਪਾਣੀ 21 ਦਿਨ ਦੇ ਬਾਅਦ ਲਗਾਉਣਾ ਪੈਂਦਾ ਹੈ।