ਸੰਗਰੂਰ:ਲੋਕਸਭਾ ਦੀ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਵੱਡੀ ਜਿੱਤ ਹੋਈ ਹੈ। ਇਸ ਜਿੱਤ ਤੋਂ ਬਾਅਦ ਸਿਮਰਨਜੀਤ ਸਿੰਘ ਵੱਲੋਂ ਸੰਗਰੂਰ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ ਹੈ। ਮਾਨ ਵੱਲੋਂ ਪ੍ਰੈੱਸ ਕਾਨਫਰੰਸ ਕਰ ਸੂਬੇ ਦੀਆਂ ਵਿਰੋਧੀ ਪਾਰਟੀਆਂ ਉੱਪਰ ਤਿੱਖਾ ਸ਼ਬਦੀ ਹਮਲਾ ਕੀਤਾ ਗਿਆ ਹੈ। ਉਨ੍ਹਾਂ ਵਿਰੋਧੀ ਪਾਰਟੀਆਂ ’ਤੇ ਵਰ੍ਹਦਿਆਂ ਕਿਹਾ ਕਿ ਬੜੇ ਸਮੇਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਜਿੱਤ ਹਾਸਿਲ ਹੋਈ ਹੈ।
ਆਪ,ਕਾਂਗਰਸ, ਅਕਾਲੀ ਦਲ ਤੇ ਭਾਜਪਾ ’ਤੇ ਵਰ੍ਹੇ ਮਾਨ: ਮਾਨ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਆਪ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦਾ ਸੰਗਰੂਰ ਦੇ ਲੋਕਾਂ ਨੇ ਲੱਕ ਤੋੜ ਦਿੱਤਾ ਹੈ। ਮਾਨ ਨੇ ਕਿਹਾ ਕਿ ਇੱਕ ਛੋਟੇ ਜਿਹੇ ਬੰਦੇ ਵੱਲੋਂ ਪੰਜਾਬ ਦੇ ਵੱਡੇ ਸਿਆਸੀ ਲੋਕਾਂ ਨੂੰ ਹਰਾਇਆ ਗਿਆ ਹੈ। ਇਸ ਦੌਰਾਨ ਸਿਮਰਨਜੀਤ ਮਾਨ ਵੱਲੋਂ ਪੰਜਾਬ ਦੇ ਖਜਾਨਾ ਮੰਤਰੀ ਹਰਪਾਲ ਚੀਮਾ ਨੂੰ ਠੋਕਵਾਂ ਜਵਾਬ ਦਿੱਤਾ ਗਿਆ ਹੈ। ਹਰਪਾਲ ਚੀਮਾ ਨੇ ਚੋਣ ਪ੍ਰਚਾਰ ਦੌਰਾਨ ਕਿਹਾ ਸੀ ਕਿ ਸਿਮਰਨਜੀਤ ਮਾਨ ਇਸ ਵਾਰ ਹਾਰਨ ਦਾ ਰਿਕਾਰਡ ਕਾਇਮ ਕਰਨਗੇ। ਮਾਨ ਨੇ ਕਿਹਾ ਕਿ ਜੇਕਰ ਖਜਾਨਾ ਮੰਤਰੀ ਨੂੰ ਇਹ ਨਹੀਂ ਪਤਾ ਕਿ ਕੌਣ ਜਿੱਤ ਰਿਹਾ ਤਾਂ ਉਸਨੂੰ ਖਜਾਨਾ ਮੰਤਰੀ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਹਰਪਾਲ ਚੀਮਾ ਨੇ ਖਜਾਨਾ ਮੰਤਰੀ ਦੇ ਪਦ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਮਾਨ ਵੱਲੋਂ ਦੀਪ ਸਿੱਧੂ ਤੇ ਮੂਸੇਵਾਲਾ ਦਾ ਜ਼ਿਕਰ: ਸਿਮਰਨਜੀਤ ਮਾਨ ਨੇ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜ਼ਿਕਰ ਕਰਦਿਆ ਕਿਹਾ ਹੈ ਕਿ ਉਹ ਭਿੰਡਰਾਂਵਾਲਿਆਂ ਦੀ ਸੇਧ ’ਤੇ ਚੱਲੇ ਹਨ। ਉਨ੍ਹਾਂ ਕਿਹਾ ਕਿ ਅਮਨ ਪਸੰਦ ਦੀ ਰਾਹ ’ਤੇ ਚੱਲਦਿਆਂ ਉਹ ਸੰਘਰਸ਼ ਵਿੱਚ ਰਹੇ ਹਨ ਜਿਸ ਦੀ ਬਦੌਲਤ ਜਿੱਤ ਹਾਸਿਲ ਹੋਈ ਹੈ। ਇਸ ਮੌਕੇ ਉਨ੍ਹਾਂ ਸਿੱਧੂ ਮੂਸੇਵਾਲਾ ਅਤੇ ਦੀਪ ਸਿੱਧੂ ਦੀ ਮੌਤ ਦਾ ਜ਼ਿਕਰ ਵੀ ਕੀਤਾ ਹੈ।
ਘੱਟ ਗਿਣਤੀਆਂ 'ਤੇ ਬੋਲੇ ਮਾਨ:ਉਨ੍ਹਾਂ ਕਿਹਾ ਦੀਪ ਸਿੱਧੂ ਤੇ ਮੂਸੇਵਾਲਾ ਦੀ ਸ਼ਹਾਦਤ ਨਾਲ ਸਿੱਖ ਕੌਮ ਜਾਗਰੂਕ ਹੋਈ ਹੈ। ਮਾਨ ਨੇ ਕੇਂਦਰ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਹਕੂਮਤ ਘੱਟ ਗਿਣਤੀਆਂ ਨਾਲ ਧੱਕਾ ਨਹੀਂ ਕਰ ਸਕਦੀ ਜੋ ਪਿਛਲੇ ਲੰਮੇ ਸਮੇਂ ਘੱਟ ਗਿਣਤੀ ’ਤੇ ਜ਼ਬਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਵਿੱਚ ਵੀ ਅਜਿਹਾ ਹੀ ਹੋ ਰਿਹਾ ਹੈ। ਉਨ੍ਹਾਂ ਕਿਹਾ ਮੁਸਲਮਾਨ ਭਾਈਚਾਰੇ ਨਾਲ ਲਗਾਤਾਰ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਮਾਨ ਨੇ ਕਿਹਾ ਕਿ ਦੇਸ਼ ਵਿੱਚ ਘੱਟ ਗਿਣਤੀਆਂ ਸੁਰੱਖਿਅਤ ਨਹੀਂ ਹਨ।