ਧੂਰੀ: ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ, ਪਰ ਕਈ ਦਿਨ ਬੀਤ ਜਾਣ ਮਗਰੋਂ ਵੀ ਸਰਕਾਰ ਦੇ ਕੰਨਾਂ ਉੱਤੇ ਜੂੰ ਤੱਕ ਨਹੀਂ ਸਿਰਕ ਰਹੀ। ਧੂਰੀ ਵਿਖੇ ਵੀ ਕਿਸਾਨਾਂ ਵੱਲੋਂ ਧਰਨਾ ਲਾਇਆ ਗਿਆ ਹੈ, ਇਸ ਧਰਨੇ ਦੇ ਵਿੱਚ ਸ਼ਾਮਲ ਇੱਕ ਬਜ਼ੁਰਗ ਕਿਸਾਨ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਹੈ।
ਧੂਰੀ: ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਧਰਨੇ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਕਿਸਾਨ ਦੀ ਮੌਤ
ਧੂਰੀ ਦੇ ਪਿੰਡ ਨਾਗਰੀ ਦੇ ਇੱਕ ਕਿਸਾਨ ਦੀ ਧਰਨੇ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉੱਕਤ ਕਿਸਾਨ ਧਰਨੇ ਵਿੱਚ ਆਪਣੀ ਕਵਿਸ਼ਰੀ ਸੁਣਾਉਣ ਲਈ ਖ਼ਾਸ ਤੌਰ ਉੱਤੇ ਆਇਆ ਸੀ।
ਕਿਸਾਨ ਆਗੂ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਦਾ ਨਾਂਅ ਮੇਘਰਾਜ ਹੈ। ਮ੍ਰਿਤਕ ਕਿਸਾਨ ਇੱਕ ਪੱਤਰਕਾਰ ਦੇ ਪਿਤਾ ਵੀ ਸਨ ਅਤੇ ਆਪ ਵੀ ਖ਼ੁਦ ਕਵਿਸ਼ਰ ਸਨ ਅਤੇ ਪਿੰਡ ਨਾਗਰੀ ਦੇ ਰਹਿਣ ਵਾਲੇ ਸਨ। ਉਹ ਇਸ ਕਿਸਾਨ ਧਰਨੇ ਦੇ ਵਿੱਚ ਆਪਣੀ ਕਵਿਸ਼ਰੀ ਸੁਣਾਉਣ ਵਾਸਤੇ ਆਏ ਸਨ। ਉਨ੍ਹਾਂ ਕਿਹਾ ਕਿ ਅੱਜ ਇੱਕ ਅੰਨਦਾਤਾ ਜੋ ਕਿ ਸੜਕਾਂ ਉੱਤੇ ਬੈਠਣ ਲਈ ਮਜਬੂਰ ਹੈ, ਇਹ ਇੱਕ ਗੰਦੀ ਸਰਕਾਰ ਦੀ ਗੰਦੀ ਸੋਚ ਤੋਂ ਇਲਾਵਾ ਕੁੱਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇਰ ਤੱਕ ਆਪਣੇ ਹੱਕ ਲਈ ਸ਼ਹੀਦ ਹੋਏ ਮੇਘਰਾਜ ਦੇ ਪਰਿਵਾਰ ਨੂੰ ਉਸ ਦਾ ਬਣਦਾ ਹੱਕ ਨਹੀਂ ਮਿਲ ਜਾਂਦਾ ਓਦੋਂ ਤੱਕ ਅਸੀਂ ਉਸ ਦਾ ਅੰਤਿਮ ਸਸਕਾਰ ਨਹੀਂ ਹੋਣ ਦੇਵਾਂਗੇ।
ਐੱਸ.ਡੀ.ਐਮ ਧੂਰੀ ਨੇ ਕਿਸਾਨਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਜੋ ਮੇਘਰਾਜ ਦੇ ਪਰਿਵਾਰ ਨੂੰ ਘਾਟਾ ਪਿਆ ਹੈ, ਉਸ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ, ਪਰ ਮੈਂ ਤੁਹਾਨੂੰ ਇੰਨਾ ਵਿਸ਼ਵਾਸ ਦਿਵਾਉਂਦਾ ਹਾਂ ਕਿ ਜੋ ਉਸ ਦਾ ਬਣਦਾ ਹੱਕ ਹੈ ਉਸ ਲਈ ਪਰਿਵਾਰ ਦੀ ਹਰ ਸੰਭਵ ਮਦਦ ਲਈ ਉੱਚ ਅਧਿਕਾਰੀਆਂ ਨੂੰ ਲਿਖਿਆ ਜਾਵੇਗਾ।