ਸੰਗਰੂਰ: ਪੰਜਾਬ ਸਰਕਾਰ ਨੂੰ ਬਣਿਆ ਤਿੰਨ ਸਾਲ ਹੋਣ ਵਾਲੇ ਹਨ ਪਰ ਸ਼ਹਿਰ ਦੇ ਲੋਕ ਹਾਲੇ ਵੀ ਸਰਕਾਰ ਦੇ ਕੀਤੇ ਕੰਮਾਂ ਤੋਂ ਖ਼ੁਸ਼ ਨਹੀਂ ਹਨ। ਈਟੀਵੀ ਭਾਰਤ ਨੇ ਲੋਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ।
ਕੈਪਟਨ ਸਰਕਾਰ ਦੇ ਤਿੰਨ ਸਾਲ ਦੀ ਗਰਾਉਂਡ ਜ਼ੀਰੋ ਰਿਪੋਰਟ ਹਰ ਵਰਗ ਦੁਖੀ
ਜਦੋਂ ਈਟੀਵੀ ਭਾਰਤ ਦੀ ਟੀਮ ਨੇ ਕੈਪਟਨ ਸਰਕਾਰ ਦੇ ਕੀਤੇ ਕੰਮਾਂ ਦੀ ਜ਼ਮੀਨੀ ਹਕੀਕਤ ਜਾਣਨ ਦੀ ਕੋਸ਼ਿਸ ਕਰਦਿਆਂ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਸਰਕਾਰ ਦੇ ਕੰਮਾਂ ਬਾਰੇ ਗੱਲ ਕੀਤੀ ਜਾਵੇ ਤਾਂ ਕਿਸਾਨ ਵਰਗ, ਮੁਲਾਜ਼ਮ ਵਰਗ, ਵਪਾਰੀ ਵਰਗ ਤੇ ਹਰ ਵਿਅਕਤੀ ਕਾਫ਼ੀ ਦੁਖੀ ਹੈ।
ਬਿਜਲੀ ਦੇ ਝਟਕੇ
ਕੈਪਟਨ ਸਰਕਾਰ ਨੇ ਬਿਜਲੀ ਦੀਆਂ ਕੀਮਤਾਂ ਇੰਨੀਆਂ ਵਧਾ ਦਿੱਤੀਆਂ ਹਨ ਕਿ ਇਸ ਨਾਲ ਉਨ੍ਹਾਂ ਦੇ ਘਰਾਂ ਦਾ ਬਜਟ ਹਿੱਲ ਗਿਆ ਹੈ। ਹੁਣ ਲੋਕਾਂ ਦੇ ਹਾਲਾਤ ਇਹ ਹਨ ਕਿ 'ਆਮਦਨੀ ਅਠੰਨੀ, ਖ਼ਰਚ ਰੁਪਈਆ'। ਇੱਕ ਯੂਨਿਟ 5 ਰੁਪਏ ਕਰ ਦਿੱਤੀ ਹੈ ਤੇ ਜਿਸ ਕਰਕੇ ਲੋਕ ਕਹਿੰਦੇ ਹਨ ਕਿ ਰੋਟੀ ਤੋਂ ਪਹਿਲਾਂ ਬਿਜਲੀ ਦਾ ਬਿੱਲ ਭਰਨ ਬਾਰੇ ਸੋਚਣਾ ਪੈਂਦਾ ਹੈ।
ਇਸ਼ਤਿਹਾਰਾਂ 'ਚ ਉਤਰੇ ਖਰੇ
ਕੈਪਟਨ ਸਰਕਾਰ ਨੇ ਵਾਅਦੇ ਤਾਂ ਬਹੁਤ ਕੀਤੇ ਪਰ ਪੂਰਾ ਇੱਕ ਵੀ ਨਹੀਂ ਹੋਇਆ। ਜਦੋਂ ਲੋਕਾਂ ਨੂੰ ਪੁੱਛਿਆ ਗਿਆ ਕਿ ਕੀ ਤੁਹਾਨੂੰ ਸਰਕਾਰ ਦੇ ਕੀਤੇ ਵਾਅਦਿਆਂ ਦੀ ਸਹੂਲਤ ਮਿਲ ਰਹੀ ਹੈ, ਤਾਂ ਜਨਤਾ ਦਾ ਜਵਾਬ ਹੈ ਕਿ ਕਾਂਗਰਸ ਸਰਕਾਰ ਇਸ਼ਤਿਹਾਰਾਂ 'ਚ ਹੀ ਖਰੀ ਉਤਰੀ ਹੈ।
ਵਾਅਦੇ ਜਾਂ ਲਾਰੇ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਚੁੱਕਣ ਵੇਲੇ ਨੌਜਵਾਨਾਂ ਨਾਲ ਘਰ-ਘਰ ਨੌਕਰੀ ਦੇਣ ਤੇ ਸਮਾਰਟਫ਼ੋਨ ਵੰਡਣ ਦੇ ਵਾਅਦੇ ਕੀਤੇ ਸਨ। ਇਸ ਤੋਂ ਬਾਅਦ ਵੀ ਕਈ ਬੇਰੁਜ਼ਗਾਰ ਮਿਲੇ ਤੇ ਕਈਆਂ ਨੇ ਨੌਕਰੀਆਂ ਲਈ ਧਰਨੇ ਦਿੱਤੇ, ਕੁਝ ਨਹੀਂ ਹੋਇਆ ਸਿਰਫ਼ ਲਾਰੇ ਹੀ ਰਹਿ ਗਏ। ਵਾਅਦੇ ਨਹੀਂ ਸਿਰਫ਼ ਲਾਰੇ, ਇਹ ਕਿਤੇ ਨਾ ਕਿਤੇ ਸਹੀ ਸਾਬਿਤ ਹੋ ਰਿਹਾ ਹੈ। ਇਸ ਬਾਰੇ ਲੋਕਾਂ ਨੇ ਕਿਹਾ ਕਿ ਹੁਣ ਤੱਕ ਉਨ੍ਹਾਂ ਨੂੰ ਕੋਈ ਸਾਮਰਟਫ਼ੋਨ ਨਹੀਂ ਮਿਲਿਆ ਤੇ ਨਾਂ ਹੀ ਕੋਈ ਨੌਕਰੀ ਦੇਣ ਆਇਆ, ਸਿਰਫ਼ ਲਾਰਿਆਂ ਵਿੱਚ ਹੀ ਸਾਰ ਦਿੱਤਾ।
ਸਹੁੰ ਖਾ ਕੇ ਮੁੱਕਰੇ
ਕੈਪਟਨ ਨੇ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਪੰਜਾਬ ਵਿੱਚ ਨਸ਼ੇ ਵਿੱਚ ਰੁਲ ਰਹੀ ਜਵਾਨੀ ਨੂੰ ਬਚਾਉਣ ਦੀ ਗੱਲ ਆਖੀ ਸੀ। ਕੀ ਜਵਾਨੀ ਨਸ਼ੇ 'ਚੋਂ ਬਾਹਰ ਨਿਕਲੀ? ਅੱਜ ਵੀ ਸਵਾਲ ਕੀਤਾ ਜਾ ਰਿਹਾ ਹੈ। ਲੋਕਾਂ ਨੇ ਕਿਹਾ ਕਿ ਅੱਜ ਵੀ ਨੌਜਵਾਨ ਨਸ਼ਾ ਕਰ ਰਿਹਾ ਹੈ, ਜਿੰਨਾ 3 ਸਾਲ ਪਹਿਲਾਂ ਕਰਦਾ ਸੀ।
ਵਾਦੀਆਂ 'ਚ ਘੁੰਮਦੇ ਰਹੇ
ਤੁਹਾਨੂੰ ਦੱਸ ਦਈਏ, ਪੰਜਾਬ ਸਰਕਾਰ ਨੇ ਸਰਕਾਰ ਬਣਾਉਣ ਵੇਲੇ ਵਿਕਾਸ, ਨੌਜਵਾਨਾਂ ਨੂੰ ਘਰ-ਘਰ ਨੌਕਰੀ ਦੇਣ, ਸਮਾਰਟਫ਼ੋਨ ਵੰਡਣ ਤੇ ਨਸ਼ੇ ਦੇ ਖ਼ਾਤਮੇ ਦੇ ਵੱਡੇ-ਵੱਡੇ ਵਾਅਦੇ ਕੀਤੇ ਗਏ ਸੀ। ਹੁਣ ਕੈਪਟਨ ਸਰਕਾਰ ਦੇ ਕਾਰਜਕਾਲ ਨੂੰ 3 ਸਾਲ ਪੂਰੇ ਹੋਣ ਵਾਲੇ ਹਨ, ਪਰ ਇਹ ਵਾਅਦੇ ਰੱਖੇ ਦੇ ਰੱਖੇ ਰਹਿ ਗਏ। ਇੰਨਾ ਹੀ ਨਹੀਂ ਲੋਕਾਂ ਦੀਆਂ ਮੁਸ਼ਕਿਲਾਂ ਵੀ ਨਹੀਂ ਸੁਣੀਆਂ ਜਾਂਦੀਆਂ, ਕਿਸਾਨ ਆਏ ਦਿਨ ਧਰਨੇ ਦਿੰਦੇ ਰਹਿੰਦੇ, ਬੇਰੁਜ਼ਗਾਰ ਨੇ ਮੋਰਚੇ ਲਾਏ ਹਨ, ਸਰਕਾਰੀ ਮੁਲਾਜ਼ਮ ਤਨਖ਼ਾਹਾਂ ਲਈ ਧਰਨੇ ਦੇ ਰਹੇ ਹਨ, ਤੇ ਉਡੀਕ ਕਰਦੇ ਹਨ ਕਿ ਕੋਈ ਸਾਡੀ ਆ ਕੇ ਸਾਰ ਲਵੇਗਾ। ਹੋਰ ਕਰ ਵੀ ਕੀ ਸਕਦੇ ਹਨ ਲੋਕ, ਕਿਉਂਕਿ ਪਰਜਾ ਦੇ ਰਾਜਾ ਕੋਲ ਆਪਣੀ ਪਰਜਾ ਨੂੰ ਮਿਲਣ ਦਾ ਸਮਾਂ ਹੀ ਨਹੀਂ। ਕੈਪਟਨ ਸਾਹਬ ਕੋਲ ਸਮਾਂ ਹੁੰਦਾ ਹੀ ਨਹੀਂ, ਕਿਉਂਕਿ ਉਹ ਵਾਦੀਆਂ ਵਿੱਚ ਘੁੰਮਣ ਵਿੱਚ ਮਸਰੂਫ਼ ਰਹਿੰਦੇ ਹਨ। ਇਹ ਹਾਲ ਪੰਜਾਬ ਦੀ ਸਰਕਾਰ ਦਾ, ਦੀਦਾਰ ਨੂੰ ਹੀ ਤਰਸ ਜਾਂਦੇ ਹਨ ਲੋਕ। ਇਹ ਹੈ ਪੰਜਾਬ ਦੇ ਹਾਲਾਤ। ਕੀ ਅਗਲੇ 2 ਸਾਲ ਵੀ ਕੈਪਟਨ ਸਰਕਾਰ ਦੇ ਇਹ ਹਲਾਤ ਰਹਿਣਗੇ?