ਮਾਲੇਰਕੋਟਲਾ: ਕਹਿੰਦੇ ਹਨ ਕਿ ਖਿਡਾਰੀ ਹਰ ਦੇਸ਼ ਦਾ ਸਰਮਾਇਆ ਹੁੰਦੇ ਹਨ। ਖਿਡਾਰੀ ਆਪਣੇ ਦੇਸ਼ ਦਾ ਨਾਂਅ ਚਮਕਾਉਣ ਦੇ ਲਈ ਦਿਨ-ਰਾਤ ਮਿਹਨਤ ਕਰਦੇ ਹਨ, ਪਰ ਜਦੋਂ ਉਨ੍ਹਾਂ ਨੂੰ ਦੇਸ਼ ਦੇ ਪ੍ਰਸ਼ਾਸਨ ਵੱਲੋਂ ਅਣਗਹਿਲੀ ਵਰਤੀ ਜਾਂਦੀ ਹੈ ਤਾਂ ਖਿਡਾਰੀਆਂ ਦਾ ਮਨੋਬਲ ਡਿੱਗ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਸੰਗਰੂਰ ਦੇ ਕਸਬਾ ਅਮਰਗੜ੍ਹ ਤੋਂ ਸਾਹਮਣੇ ਆਇਆ ਹੈ।
ਅਮਰਗੜ੍ਹ ਦੇ ਨਾਲ ਲੱਗਦੇ ਪਿੰਡ ਮੁਹੰਮਦਪੁਰਾ ਦਾ ਰਹਿਣ ਵਾਲਾ ਮੁਹੰਮਦ ਯਾਸਿਰ ਜਿਸ ਦੀ ਕਿ ਬਚਪਨ ਵਿੱਚ ਹੀ ਬਾਂਹ ਕੱਟ ਗਈ ਸੀ। ਜਿਸ ਤੋਂ ਬਾਅਦ ਮੁਹੰਮਦ ਯਾਸਿਰ ਦਾ ਮਨ ਪੜ੍ਹਾਈ ਨਾਲੋਂ ਵਧੇਰੇ ਖੇਡਾਂ ਵਿੱਚ ਲੱਗਣ ਲੱਗ ਗਿਆ, ਜਿਸ ਕਰਕੇ ਉਹ ਅਲੱਗ-ਅਲੱਗ ਤਰ੍ਹਾਂ ਦੀਆਂ ਖੇਡਾਂ ਖੇਡਣ ਲੱਗ ਗਿਆ ਅਤੇ ਉਸ ਨੂੰ ਮੈਦਾਨ ਨਾਲ ਪਿਆਰ ਹੋ ਗਿਆ।
ਮੁਹੰਮਦ ਯਾਸਿਰ ਇੱਕ ਚੰਗਾ ਐਥਲੀਟ ਹੈ ਅਤੇ 15 ਦੇਸ਼ਾਂ ਵਿੱਚ ਜਾ ਕੇ ਉਹ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਚੁੱਕਿਆ ਹੈ। ਏਨਾ ਹੀ ਨਹੀਂ ਬਲਕਿ ਆਪਣੇ ਨਾਂਅ ਕਈ ਰਿਕਾਰਡ ਵੀ ਬਣਾ ਚੁੱਕਿਆ ਹੈ। ਮੁਹੰਮਦ ਯਾਸਰ ਦਾ ਭਾਵੇਂ ਇੱਕ ਹੱਥ ਨਹੀਂ, ਪਰ ਉਸ ਦੀ ਘਾਟ ਕਦੇ ਵੀ ਮਹਿਸੂਸ ਨਹੀਂ ਹੋਈ।
ਤੁਹਾਨੂੰ ਦੱਸ ਦਈਏ ਕਿ ਮੁਹੰਮਦ ਯਾਸਿਰ ਆਮ ਖਿਡਾਰੀਆਂ ਵਾਂਗ ਹੀ ਕਸਰਤ ਕਰਦਾ ਹੈ, ਹੱਥ ਮਿਲਾਉਂਦਾ ਹੈ ਅਤੇ ਚੰਗੀ ਖੇਡ ਖੇਡਦਾ ਹੈ। ਮੁਹੰਮਦ ਯਾਸਿਰ ਨੇ 2018 ਦੀਆਂ ਏਸ਼ੀਅਨ ਪੈਰਾ ਗੇਮਾਂ ਦੇ ਵਿੱਚ ਭਾਗ ਲਿਆ ਅਤੇ ਇਨ੍ਹਂ ਗੇਮਾਂ ਵਿੱਚ ਤਾਂਬੇ ਦਾ ਤਮਗ਼ਾ ਆਪਣੇ ਨਾਂਅ ਕੀਤਾ, ਜਿਸ ਤੋਂ ਬਾਅਦ ਪਿੰਡ ਪਰਤਣ ਉੱਤੇ ਪੂਰੇ ਪਿੰਡ ਵੱਲੋਂ ਉਸ ਦਾ ਸਵਾਗਤ ਕੀਤਾ ਗਿਆ ਸੀ।