ਕੁਰਾਲੀ: ਸਿਵਲ ਹਸਪਤਾਲ ਕੁਰਾਲੀ ਅਕਸਰ ਹੀ ਆਪਣੀ ਕਮੀਆਂ ਕਾਰਨ ਸੁਰਖੀਆਂ 'ਚ ਰਹਿੰਦਾ ਹੈ। ਮੁੜ ਤੋਂ ਫਿਰ ਇਥੇ ਬੀਤੀ ਰਾਤ ਡਾਕਟਰਾਂ ਵੱਲੋਂ ਮਰੀਜ਼ ਦੇ ਇਲਾਜ 'ਚ ਅਣਗਹਿਲੀ ਵਰਤਣ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਬੀਤੀ ਰਾਤ ਇੱਕ ਗਰਭਵਤੀ ਮਹਿਲਾ ਨੇ ਹਸਪਤਾਲ ਦੇ ਬਾਥਰੂਮ 'ਚ ਆਪਣੇ ਨਵਜਾਤ ਬੱਚੇ ਨੂੰ ਜਨਮ ਦਿੱਤਾ ਹੈ। ਸਿਵਲ ਹਸਪਤਾਲ ਅਕਸਰ ਆਪਣੀਆਂ ਕਮੀਆਂ ਨੂੰ ਲੈ ਕੇ ਚਰਚਾ ਵਿੱਚ ਰਹਿੰਦਾ ਹੈ ਬੇਸ਼ਕ ਇਸ ਹਸਪਤਾਲ ਵਿੱਚ ਕਾਫ਼ੀ ਸਮਾਂ ਤੋਂ ਡਾਕਟਰਾਂ ਦੀ ਕਮੀ ਹੈ, ਪਰ ਹੁਣ ਡਾਕਟਰਾਂ ਦੀ ਕਮੀ ਮਰੀਜਾਂ ਦੀ ਜਾਨ ਵੀ ਜੋਖ਼ਮ ਵਿੱਚ ਪਾ ਰਹੀ ਹੈ।
ਪੀੜਤ ਮਹਿਲਾ ਜੋਤੀ ਨੇ ਦੱਸਿਆ ਕਿ ਉਹ ਗਰਭਵਤੀ ਸੀ ਅਤੇ ਸ਼ਨਿਵਾਰ ਨੂੰ ਉਹ ਆਪਣੇ ਪਤੀ ਅਤੇ ਸੱਸ ਨਾਲ ਜਣੇਪੇ ਲਈ ਹਸਪਤਾਲ ਪੁੱਜੀ। ਡਾਕਟਰਾਂ ਨੇ ਉਸ ਨੂੰ ਮਹਿਜ ਇੱਕ ਵਾਰ ਚੈਕ ਕੀਤਾ, ਜਦ ਉਸ ਨੂੰ ਜਣੇਪੇ ਦਾ ਦਰਦ ਸ਼ੁਰੂ ਹੋਇਆ ਤਾਂ ਉਸ ਦੇ ਪਤੀ ਨੇ ਡਿਊਟੀ 'ਤੇ ਮੌਜੂਦ ਡਾਕਟਰ ਨੂੰ ਜਣੇਪਾ ਕਰਵਾਉਣ ਲਈ ਕਿਹਾ, ਪਰ ਡਾਕਟਰਾਂ ਨੇ ਉਸ ਦੀ ਹਾਲਤ 'ਤੇ ਧਿਆਨ ਨਾ ਦਿੰਦੇ ਹੋਏ ਕਿਹਾ ਕਿ ਅਜੇ ਬੱਚੇ ਦੇ ਜਨਮ ਦਾ ਸਮਾਂ ਨਹੀਂ ਹੈ।
ਦਰਦ ਨਾਲ ਤੜਫਦੀ ਹੋਈ ਉਹ ਬਾਥਰੂਮ ਵੱਲ ਗਈ ਤਾਂ ਉਥੇ ਉਸ ਨੇ ਬੱਚੇ ਨੂੰ ਜਨਮ ਦਿੱਤਾ। ਉਸ ਨੇ ਆਪਣੇ ਪਤੀ ਅਤੇ ਸੱਸ ਨੂੰ ਆਵਾਜ਼ ਮਾਰ ਕੇ ਬੁਲਾਇਆ। ਬੱਚੇ ਦੇ ਜਨਮ ਤੋੇਂ ਪੰਜ ਤੋਂ ਦੱਸ ਮਿੰਟ ਬਾਅਦ ਡਾਕਟਰ ਉਸ ਨੂੰ ਉਥੇ ਲੈਣ ਪੁੱਜੇ। ਪੀੜਤਾ ਨੇ ਦੱਸਿਆ ਕਿ ਵਾਰ-ਵਾਰ ਦੱਸਣ ਦੇ ਬਾਵਜੂਦ ਡਾਕਟਰਾਂ ਨੇ ਉਸ ਵੱਲ ਧਿਆਨ ਨਹੀਂ ਦਿੱਤਾ, ਇੰਝ ਡਾਕਟਰ ਮਰੀਜ਼ਾਂ ਦੀ ਜਾਨ ਜੋਖ਼ਮ 'ਚ ਪਾ ਰਹੇ ਹਨ। ਪੀੜਤ ਪਰਿਵਾਰ ਨੇ ਹਸਪਤਾਲ 'ਚ ਸਹੂਲਤਾਂ ਨਾ ਮਿਲਣ ਅਤੇ ਥਾਂ-ਥਾਂ ਉੱਤੇ ਗੰਦਗੀ ਹੋਣ ਦੀ ਗੱਲ ਆਖੀ।
ਜਦੋਂ ਇਸ ਮਾਮਲੇ ਸਬੰਧੀ ਐਸਐਮਓ ਭੂਪਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਇੱਥੇ ਰਾਤ ਔਰਤ ਨੇ ਬਾਥਰੂਮ ਵਿੱਚ ਬੱਚੇ ਨੂੰ ਜਨਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਇਸਦੀ ਜਾਂਚ ਕਰਵਾਉਣਗੇ। ਉਨ੍ਹਾਂ ਆਖਿਆ ਕਿ ਕਿ ਹਸਪਤਾਲ ਵਿੱਚ ਕਾਫ਼ੀ ਸਮੇ ਤੋਂ ਡਾਕਟਰਾਂ ਦੀ ਕਮੀ ਹੈ। ਬੀਤੇ ਦਿਨ ਜਣੇਪੇ ਦੇ 3 ਕੇਸ ਇਕੱਠੇ ਆਏ ਸਨ।
ਇੱਕ ਡਾਕਟਰ ਅਤੇ 2 ਨਰਸ ਮੌਕੇ 'ਤੇ ਉੱਥੇ ਮੌਜੂਦ ਸਨ, ਜਿਸ ਵਿੱਚੋਂ ਇੱਕ ਸੀਰੀਅਸ ਕੇਸ ਸੀ ਉਨ੍ਹਾਂ ਨੂੰ ਰੈਫਰ ਕਰਨਾ ਪਿਆ ਅਤੇ ਇੱਕ ਡਿਲੀਵਰੀ ਆਪ੍ਰੇਸ਼ਨ ਥਿਏਟਰ ਵਿੱਚ ਹੋ ਰਹੀ ਸੀ। ਇਸ ਲਈ ਇਹ ਪ੍ਰਵਾਸੀ ਮਹਿਲਾ ਦਾ ਜਣੇਪਾ ਬਾਥਰੂਮ 'ਚ ਹੋਇਆ। ਉਨ੍ਹਾਂ ਕਿਹਾ ਕਿ ਡਿਲੀਵਰੀ ਦੇ ਬਾਅਦ ਜੱਚਾ-ਬੱਚਾ ਦੋਵੇਂ ਠੀਕ ਹਨ। ਹਸਪਤਾਲ ਵਿੱਚ ਡਾਕਟਰ ਦੀ ਕਮੀ ਹੈ ਇਸ ਲਈ ਉਹ ਕਈ ਪੱਤਰ ਲਿੱਖ ਚੁੱਕੇ ਹਨ, ਉਨ੍ਹਾਂ ਜਲਦ ਹੀ ਹਸਪਤਾਲ ਦਾ ਸਟਾਫ ਪੂਰਾ ਹੋਣ ਦੀ ਉੱਮੀਦ ਪ੍ਰਗਟਾਈ ਹੈ।