ਚੰਡੀਗੜ੍ਹ: ਭਾਜਪਾ ਦੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਧਮਕੀ ਭਰੀ ਚਿੱਠੀ ਮਿਲੀ ਹੈ। ਉਨ੍ਹਾਂ ਮੁਹਾਲੀ ਸਥਿਤ ਘਰ ਵਿੱਚ ਧਮਕੀ ਭਰੀ ਚਿੱਠੀ ਪਹੁੰਚੀ ਹੈ। ਜਾਣਕਾਰੀ ਅਨੁਸਾਰ ਇਸ ਧਮਕੀ ਨੂੰ ਲੈਕੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵੱਲੋਂ ਪੰਜਾਬ ਦੇ ਡੀਜੀਪੀ ਨੂੰ ਸ਼ਿਕਾਇਤ ਕੀਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।
ਈਟੀਵੀ ਭਾਰਤ ਨਾਲ ਫੋਨ 'ਤੇ ਗੱਲਬਾਤ ਕਰਦਿਆਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਉਹ ਦਿੱਲੀ 'ਚ ਹਨ ਅਤੇ ਇਹ ਜੋ ਚਿੱਠੀ ਮਿਲੀ ਹੈ ਇਹ ਮੁਹਾਲੀ ਸਥਿਤ ਉਨ੍ਹਾਂ ਦੇ ਘਰ ਪਹੁੰਚੀ ਹੈ। ਇਸਦੇ ਨਾਲ ਹੀ ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਹੁਣ ਚਿੱਠੀ ਮੁਹਾਲੀ ਪੁਲਿਸ ਕੋਲ ਹੈ ਅਤੇ ਇਹ ਪੂਰਾ ਮਾਮਲਾ ਡੀਜੀਪੀ ਦੇ ਧਿਆਨ ਵਿੱਚ ਵੀ ਲਿਆਂਦਾ ਜਾ ਚੁੱਕਾ ਹੈ।
ਦੱਸ ਦਈਏ ਕਿ ਲਗਾਤਾਰ ਪੰਜਾਬ ਵਿੱਚ ਅਪਰਾਧਿਕ ਗਤੀਵਿਧੀਆਂ ਵਧ ਰਹੀਆਂ ਹਨ। ਇੱਕ ਤੋਂ ਬਾਅਦ ਇੱਕ ਵੱਡੀ ਘਟਨਾ ਪੰਜਾਬ ਵਿੱਚ ਵਾਪਰ ਰਹੀ ਹੈ। ਹੁਣ ਭਾਜਪਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਧਮਕੀ ਭਰੀ ਚਿੱਠੀ ਮਿਲੀ ਹੈ ਜਿਸ ਤੋਂ ਬਾਅਦ ਫਿਰ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਸਵਾਲ ਖੜ੍ਹੇ ਹੋ ਰਹੇ ਹਨ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਾਂਗਰਸੀ ਸਾਂਸਦ ਰਵਨੀਤ ਬਿੱਟੂ, ਅਕਾਲੀ ਆਗੂ ਬੋਨੀ ਅਜਨਾਲਾ, ਸਾਬਕਾ ਡਿਪਟੀ ਸੀਐਮ ਓਪੀ ਸੋਨੀ ਸਮੇਤ ਹੋਰ ਵੀ ਲੀਡਰਾਂ ਨੂੰ ਧਮਕੀਆਂ ਮਿਲ ਚੁੱਕੀਆਂ ਹਨ ਜਿਸਦੇ ਚੱਲਦੇ ਸਵਾਲ ਭਗਵੰਤ ਮਾਨ ਸਰਕਾਰ ਤੇ ਕਾਨੂੰਨ ਵਿਵਸਥਾ ਨੂੰ ਲੈਕੇ ਲਗਾਤਾਰ ਵਿਰੋਧੀਆਂ ਵੱਲੋਂ ਚੁੱਕੇ ਜਾ ਰਹੇ ਹਨ।
ਇਹ ਵੀ ਪੜ੍ਹੋ:ਰਾਸ਼ਟਰਪਤੀ ਚੋਣ: ਭਾਜਪਾ ਨੂੰ ਸਮਰਥਨ ਦੇਣ ਤੋਂ ਬਾਅਦ ਵਿਰੋਧੀਆਂ ਦੇ ਨਿਸ਼ਾਨੇ ’ਤੇ ਅਕਾਲੀ ਦਲ