ਕੁਰਾਲੀ: ਕੁਰਾਲੀ ਦੇ ਪਿੰਡ ਚਨਾਲੋਂ 'ਚ ਬਿਜਲੀ ਦੀਆਂ ਤਾਰਾਂ 'ਚੋਂ ਚਿੰਗਾਰੀ ਡਿੱਗਣ ਨਾਲ ਕਣਕ ਦੀ ਪੱਕੀ ਫ਼ਸਲ ਨੂੰ ਅੱਗ ਲੱਗ ਗਈ। ਪਿੰਡ ਵਾਸੀਆਂ ਵਲੋਂ ਟਰੈਕਟਰਾਂ ਅਤੇ ਪਾਣੀ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ। ਅੱਗ ਨਾਲ ਹੋਏ ਨੁਕਸਾਨ ਨੂੰ ਲੈਕੇ ਪਿੰਡ ਵਾਸੀਆਂ ਦਾ ਕਹਿਣਾ ਕਿ ਡੇਢ ਤੋਂ ਦੋ ਕਿੱਲੇ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਅਤੇ ਪਿੰਡ ਵਾਸੀਆਂ ਦਾ ਕਹਿਣਾ ਕਿ ਕਣਕ ਨੂੰ ਅੱਗ ਬਿਜਲੀ ਦੀਆਂ ਤਾਰਾਂ ਵਿੱਚੋਂ ਨਿਕਲੀ ਚਿੰਗਾਰੀ ਕਾਰਨ ਲੱਗੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਅੱਗ ਲੱਗੀ ਸੀ, ਜਿਸ 'ਤੇ ਜਲਦ ਕਾਬੂ ਪਾ ਲਿਆ ਸੀ, ਪਰ ਇਸ ਵਾਰ ਕਾਫੀ ਨੁਕਸਾਨ ਹੋਇਆ ਹੈ। ਪਿੰਡ ਵਾਸੀਆਂ ਦਾ ਕਹਿਣਾ ਕਿ ਬਿਜਲੀ ਦੀਆਂ ਡਾਰਾ ਢਿੱਲੀਆਂ ਹਨ, ਜਿਸ ਦੀ ਕਈ ਵਾਰ ਉਹ ਬਿਜਲੀ ਵਿਭਾਗ ਕੋਲ ਸ਼ਿਕਾਇਤ ਦਰਜ ਕਰਵਾ ਚੁੱਕੇ ਹਨ, ਪਰ ਉਨ੍ਹਾਂ ਦੀ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਪਿੰਡ ਵਾਸੀਆਂ ਦਾ ਕਹਿਣਾ ਕਿ ਤਾਰਾਂ ਹੇਠਾਂ ਲਟਕਦੀਆਂ ਹੋਣ ਕਾਰਨ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੋਣ ਦੀ ਵੀ ਸੰਭਾਵਨਾ ਹੈ।