ਮੋਹਾਲੀ: ਪੰਜਾਬ 'ਚ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲ ਚੁੱਕਿਆ ਹੈ। ਲੋਕਾਂ 'ਚ ਕਾਨੂੰਨ ਦਾ ਡਰ, ਖੌਫ਼ ਬਿਲਕੁਲ ਖ਼ਤਮ ਹੋ ਗਿਆ। ਕਾਨੂੰਨ ਨੂੰ ਲੋਕ ਟਿੱਚ ਜਾਣ ਰਹੇ ਹਨ। ਇਸੇ ਕਾਰਨ ਕਾਨੂੰਨ ਨੂੰ ਆਪਣੇ ਹੱਥ 'ਚ ਲੈਣ ਤੋਂ ਜ਼ਰਾ ਵੀ ਗੁਰੇਜ਼ ਨਹੀਂ ਕਰ ਰਹੇ। ਅਜਿਹਾ ਹੀ ਮਾਮਲਾ ਮੋਹਾਲੀ ਦੇ ਨੇੜੇ ਪਿੰਡ ਬੜ ਮਾਜਰਾ ਤੋਂ ਸਾਹਮਣੇ ਆਇਆ ਹੈ। ਜਿਸ ਘਟਨਾ ਨੇ ਸਭ ਨੂੰ ਹਲਾ ਕੇ ਰੱਖ ਦਿੱਤਾ ਹੈ। ਕੁੱਝ ਨੌਜਵਾਨਾਂ ਨੇ ਇੱਕ ਨੌਜਵਾਨ ਦੀਆਂ ਉਗਲਾਂ ਵੱਢ ਦਿੱਤੀਆਂ। ਸਿਰਫ਼ ਉਗਲਾਂ ਵੱਢੀਆਂ ਹੀ ਨਹੀਂ ਵੀਡੀਓ ਬਣਾ ਕੇ ਸੋਸ਼ਲ਼ ਮੀਡੀਆ 'ਤੇ ਵਾਇਰਲ ਵੀ ਕਰ ਦਿੱਤੀ। ਹੁਣ ਅੱਗ ਵਾਂਗ ਇਹ ਵੀਡੀਓ ਹਰ ਪਾਸੇ ਫੈਲ ਰਹੀ ਹੈ। ਵੀਡੀਓ 'ਚ ਦਿਖਾਈ ਦੇ ਰਿਹਾ ਇਹ ਨੌਜਵਾਨ ਮੋਹਾਲੀ ਦਾ ਹਰਦੀਪ ਸਿੰਘ ਉਰਫ਼ ਰਾਜੂ ਦੱਸਿਆ ਜਾ ਰਿਹਾ ਹੈ। ਜਿਸ ਦੀਆਂ ਇੱਕ ਹੱਥ ਦੀਆਂ ਉਂਗਲਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਗਿਆ ਹੈ।
ਕੀ ਸੀ ਰਾਜੂ ਦਾ ਕਸੂਰ:ਕਾਬਲੇਜ਼ਿਕਰ ਹੈ ਕਿ ਕੁੱਝ ਮਹੀਨੇ ਪਹਿਲਾਂ ਮੋਹਾਲੀ 'ਚ ਇੱਕ ਬੰਟੀ ਨਾਮ ਦੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ। ਸੂਤਰਾਂ ਮੁਤਾਬਿਕ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਬੰਟੀ ਦੇ ਕਤਲ 'ਚ ਰਾਜੂ ਦੇ ਸ਼ਾਮਿਲ ਹੋਣ ਦਾ ਸ਼ੱਕ ਸੀ। ਜਿਸ ਕਾਰਨ ਉਨ੍ਹਾਂ ਨੌਜਵਾਨਾਂ ਵੱਲੋਂ ਰਾਜੂ ਦੀਆਂ ਉਂਗਲਾਂ ਨੂੰ ਵੱਢਿਆ ਗਿਆ ਹੈ। ਇਸ ਮਾਮਲੇ 'ਚ ਮੋਹਾਲੀ ਫੇਜ਼ ਇੱਕ ਦੀ ਪੁਲਿਸ ਨੇ ਉਕਤ ਦੋਸ਼ੀਆਂ ਖਿਲਾਫ਼ ਵੱਖ-ਵੱਖ ਧਾਰਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਹੁਣ ਪੁਲਿਸ ਵੱਲੋਂ ਲਗਾਤਾਰ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।