ਮੋਹਾਲੀ: ਪਿੰਡ ਚਤਾਮਲੀ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਾਅਦਿਆਂ ਦੀ ਪੋਲ ਖੁਲ੍ਹਦੀ ਨਜ਼ਰ ਆ ਰਹੀ ਹੈ। ਦੱਸ ਦਈਏ, ਈਟੀਵੀ ਭਾਰਤ ਦੀ ਟੀਮ ਕੈਪਟਨ ਸਰਕਾਰ ਦੇ ਵਾਅਦਿਆਂ ਦੀ ਪੜਤਾਲ ਕਰਦੀ ਹੋਈ ਪਿੰਡ ਚਤਾਮਲੀ ਪਹੁੰਚੀ ਤੇ ਉੱਥੇ ਸਰਕਾਰ ਦੇ ਵਾਅਦਿਆਂ ਤੋਂ ਸੱਖਣੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ।
ਕੈਪਟਨ ਸਰਕਾਰ ਦੇ ਤਿੰਨ ਸਾਲ, ਫੇਲ੍ਹ ਹੋਏ ਜਾਂ ਪਾਸ ਜਦੋਂ ਪਿੰਡ ਚਤਾਮਲੀ ਦੇ ਲੋਕਾਂ ਨਾਲ ਗੱਲ ਕੀਤੀ ਤਾਂ ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਵਿੱਚ ਵਧੀਆ ਸੁਵਿਧਾਵਾਂ ਨੂੰ ਮੁੱਖ ਰੱਖਦਿਆਂ ਸੀਵਰੇਜ ਦੀਆਂ ਪਾਈਪਾਂ ਪਾਈਆਂ ਗਈਆਂ ਸਨ ਪਰ ਹੁਣ ਸੁਵਿਧਾ ਲਈ ਪਾਈਆਂ ਗਈਆਂ ਪਾਈਪਾਂ ਲੋਕਾਂ ਨੂੰ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਕਰ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਜੇਕਰ ਪਿੰਡ ਵਿੱਚ ਇੱਕ ਦਿਨ ਬਰਸਾਤ ਹੋ ਜਾਵੇ ਤਾਂ ਸੀਵਰੇਜ ਦੇ ਓਵਰਫਲੋਅ ਹੋਣ ਕਾਰਨ 15 ਦਿਨਾਂ ਤੱਕ ਗੰਦਾ ਪਾਣੀ ਗਲੀਆਂ ਵਿੱਚ ਖੜ੍ਹਾ ਰਹਿੰਦਾ ਹੈ। ਇਸ ਗੰਦੇ ਪਾਣੀ ਵਿੱਚ ਮੱਛਰ ਪੈਦਾ ਹੁੰਦੇ ਰਹਿੰਦੇ ਹਨ ਤੇ ਮੱਛਰਾਂ ਨਾਲ ਪਿੰਡ ਵਾਸੀ ਬਿਮਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਗੰਦੇ ਪਾਣੀ ਕਾਰਨ ਲੋਕਾਂ ਦੇ ਘਰਾਂ ਨੂੰ ਨੁਕਸਾਨ ਪਹੁੰਚਣ ਦਾ ਵੀ ਡਰ ਬਣਿਆ ਹੋਇਆ ਹੈ ਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਇਸ ਸਮੱਸਿਆ ਦਾ ਹੱਲ ਕੱਢਿਆ ਜਾਵੇ ਤਾਂ ਕਿ ਇਸ ਗੰਦੇ ਪਾਣੀ ਦੇ ਕਾਰਨ ਕੋਈ ਵੀ ਪਿੰਡ ਵਾਸੀ ਬਿਮਾਰੀ ਦੀ ਲਪੇਟ ਵਿੱਚ ਨਾ ਆ ਸਕੇ ।
ਜਦੋਂ ਇਸ ਬਾਬਤ ਪਿੰਡ ਦੀ ਸਰਪੰਚ ਰਾਜਿੰਦਰ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਇਸ ਮੁੱਦੇ ਨੂੰ ਲੈ ਕੇ ਕਾਫ਼ੀ ਪ੍ਰੇਸ਼ਾਨ ਤੇ ਜਦ ਵੀ ਬਰਸਾਤ ਹੁੰਦੀ ਹੈ ਤਾਂ ਪਾਣੀ ਕੱਢਣ ਵਿਚ ਮੁਸ਼ਕਲ ਆਉਂਦੀ ਹੈ। ਜਿਨ੍ਹਾਂ ਘਰਾਂ ਕੋਲ ਇਹ ਪਾਣੀ ਖੜ੍ਹਾ ਰਹਿੰਦਾ ਹੈ ਉਨ੍ਹਾਂ ਦੇ ਮਕਾਨਾਂ ਨੂੰ ਵੀ ਨੁਕਸਾਨ ਹੋ ਰਿਹਾ ਹੈ।