ਮੁਹਾਲੀ:ਪਿੰਡਾਂ ਨੂੰ ਕੋਵਿਡ-ਮੁਕਤ ਬਣਾਉਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ‘ਮਿਸ਼ਨ ਫ਼ਤਿਹ’ 2 ਮੁਹਿੰਮ ਤਹਿਤ ਜ਼ਿਲ੍ਹਾ ਐਸ.ਏ.ਐਸ. ਨਗਰ ਵਿਚ ਕੋਵਿਡ ਸੈਂਮਪਲਿੰਗ ਅਤੇ ਸਰਵੇਖਣ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਜ਼ਿਲ੍ਹੇ ਦੇ ਤਿੰਨੇ ਸਿਹਤ ਬਲਾਕਾਂ-ਡੇਰਾਬੱਸੀ, ਬੂਥਗੜ੍ਹ ਅਤੇ ਘੜੂੰਆਂ ਦੇ ਪਿੰਡਾਂ ਵਿਚ 21 ਮਈ ਤੋਂ ਸੈਂਪਲਿੰਗ ਅਤੇ ਸਰਵੇਖਣ ਦਾ ਕੰਮ ਚੱਲ ਰਿਹਾ ਹੈ। ਵੱਖ-ਵੱਖ ਪਿੰਡਾਂ ਵਿਚ ਰੋਜ਼ਾਨਾ ਕੋਵਿਡ ਸੈਂਮਪਲਿੰਗ ਕੈਂਪ ਲਾਏ ਜਾ ਰਹੇ ਹਨ।
ਸੀਨੀਅਰ ਮੈਡੀਕਲ ਅਫ਼ਸਰਾਂ ਦੀ ਨਿਗਰਾਨੀ ਹੇਠ ਕਮਿਊਨਿਟੀ ਹੈਲਥ ਅਫ਼ਸਰ, ਮਲਟੀਪਰਪਜ਼ ਹੈਲਥ ਵਰਕਰ ਅਤੇ ਆਸ਼ਾ ਵਰਕਰ ਜਿਥੇ ਪਿੰਡਾਂ ਦੇ ਸਰਪੰਚਾਂ ਅਤੇ ਵਸਨੀਕਾਂ ਨੂੰ ਮਿਲ ਕੇ ਉਨ੍ਹਾਂ ਨੂੰ ਸੈਂਪਲਿੰਗ ਲਈ ਪ੍ਰੇਰਿਤ ਕਰ ਰਹੇ ਹਨ, ਉਥੇ ਪਿੰਡਾਂ ਵਿਚ ਘਰ-ਘਰ ਜਾ ਕੇ ਕੀਤੇ ਜਾ ਰਹੇ ਸਰਵੇਖਣ ਰਾਹੀਂ ਪਤਾ ਲਾਇਆ ਜਾ ਰਿਹਾ ਕਿ ਘਰ ਦਾ ਕੋਈ ਜੀਅ ਖੰਘ, ਜ਼ੁਕਾਮ, ਬੁਖ਼ਾਰ ਆਦਿ ਤੋਂ ਪੀੜਤ ਤਾਂ ਨਹੀਂ ਅਤੇ ਜੇ ਅਜਿਹੇ ਲੱਛਣ ਮਿਲਦੇ ਹਨ ਤਾਂ ਉਨ੍ਹਾਂ ਦਾ ਟੈਸਟ ਕੀਤਾ ਜਾ ਰਿਹਾ ਹੈ।