ਮੋਹਾਲੀ: ਕੋਰੋਨਾ ਵਾਇਰਸ ਕਾਰਨ ਚਲਦੇ ਕਰਫ਼ਿਊ ਦੌਰਾਨ ਡਿਊਟੀ ਕਰਦਿਆਂ ਪਟਿਆਲਾ ਪੁਲਿਸ ਵਿੱਚ ਤਾਇਨਾਤ ਏਐਸਆਈ ਹਰਜੀਤ ਸਿੰਘ ਨੇ ਜੋ ਬਹਾਦਰੀ ਦੀ ਮਿਸਾਲ ਕਾਇਮ ਕੀਤੀ, ਉਸ ਬਦਲੇ ਪੰਜਾਬ ਪੁਲਿਸ ਨੇ ਅਨੋਖੇ ਢੰਗ ਨਾਲ ਉਨ੍ਹਾਂ ਨੂੰ ਸਲਾਮ ਕੀਤਾ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੀ ਯੋਗ ਅਗਵਾਈ ਹੇਠ ਸਾਰੇ ਪੰਜਾਬ ਪੁਲਿਸ ਦੇ 80 ਹਜ਼ਾਰ ਤੋਂ ਵੱਧ ਜਵਾਨਾਂ ਨੇ ‘ਮੈਂ ਭੀ ਹਰਜੀਤ ਸਿੰਘ‘ ਦਾ ਨਾਅਰਾ ਲਾਇਆ ਤੇ ਪੌਣੇ 2 ਲੱਖ ਦੇ ਕਰੀਬ ਹੱਥ ਹਰਜੀਤ ਸਿੰਘ ਦਾ ਹੌਂਸਲਾ ਵਧਾਉਣ ਲਈ ਹਵਾ ‘ਚ ਲਹਿਰਾਏ।
ਪੁਲਿਸ ਦੇ ਜਵਾਨਾਂ ਨੇ ਆਪਣੀ ਨੇਮ ਪਲੇਟ ‘ਤੇ ਅਖੌਤੀ ਨਿਹੰਗਾਂ ਨਾਲ ਮੁਕਾਬਲਾ ਕਰਦਿਆਂ ਹੱਥ ਤੋਂ ਫੱਟੜ ਹੋਏ ਸਬ ਇੰਸਪੈਕਟਰ ਹਰਜੀਤ ਸਿੰਘ ਨੂੰ ਸਮਰਪਿਤ ਕਰਦਿਆਂ ਉਨ੍ਹਾਂ ਦੇ ਨਾਮ ਦੀ ਪਲੇਟ ਲਗਾ ਕੇ ਆਪਣੀ ਡਿਊਟੀ ਨਿਭਾਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਏਐਸਆਈ ਹਰਜੀਤ ਸਿੰਘ ਦੀ ਬਹਾਦਰੀ ਨੂੰ ਸਲਾਮ ਕਰਨ ਲਈ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਹਰਜੀਤ ਸਿੰਘ ਦੀ ਨੇਮ ਪਲੇਟ ਲਗਾ ਕੇ ਡਿਊਟੀ ਕਰਨ ਦੇ ਹੁਕਮ ਜਾਰੀ ਕੀਤੇ ਸਨ। ਪੰਜਾਬ ਪੁਲਿਸ ਮੁਖੀ ਦਿਨਕਰ ਗੁਪਤਾ ਦੇ ਹੁਕਮ ਤੋਂ ਬਾਅਦ ਹਰਜੀਤ ਸਿੰਘ ਦੀ ਬਹਾਦੁਰੀ ਕਾਰਨ ਉਨ੍ਹਾਂ ਨੂੰ ਸਬ-ਇੰਸਪੈਕਟਰ ਬਣਾਇਆ ਗਿਆ।