ਮੋਹਾਲੀ :ਪੰਜਾਬ 'ਚ ਇੱਕ ਪਾਸੇ ਜਿਥੇ ਕੋਰੋਨਾ ਮਰੀਜ਼ਾਂ ਲਈ ਲੋੜੀਂਦਾ ਦਵਾਈਆਂ ਤੇ ਵਸਤਾਂ ਦੀ ਘਾਟ ਹੈ, ਉਥੇ ਹੀ ਦੂਜੇ ਪਾਸੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਹਲਕੇ ਮੁਹਾਲੀ 'ਚ ਨਿੱਜੀ ਹਸਪਤਾਲਾਂ ਵੱਲੋਂ ਰੈਮਡੇਸੀਵਰ ਦਵਾਈ ਦੀ ਕਾਲਾਬਾਜ਼ਾਰੀ ਕੀਤੀ ਜਾ ਰਹੀ ਹੈ। ਮੋਹਾਲੀ ਦੇ ਹੀ ਇੱਕ ਮਾਇਓ ਹੈਲਥਕੇਅਰ ਹਸਪਤਾਲ 'ਚ ਰੈਮਡੇਸੀਵਰ ਦਵਾਈ ਦੀ ਕਾਲਾਬਜ਼ਾਰੀ ਦਾ ਪਰਦਾਫਾਸ਼ ਹੋਇਆ ਹੈ।
ਰੈਮਡੇਸੀਵਰ ਦਵਾਈ ਦੀ ਕਾਲਾਬਜ਼ਾਰੀ ਕੱਟੇ ਜਾ ਰਹੇ ਨੇ ਜਾਅਲੀ ਬਿਲ-ਡਾ. ਮਨੋਜ ਸ਼ਰਮਾ
ਮਾਇਓ ਹੈਲਥਕੇਅਰ ਹਸਪਤਾਲ ਦੇ ਡਾਇਰੈਕਟਰ ਡਾ. ਮਨੋਜ ਸ਼ਰਮਾ ਨੇ ਹਸਪਤਾਲ ਦੇ ਕੁੱਝ ਲੋਕਾਂ 'ਤੇ ਕਾਲਾਬਜ਼ਾਰੀ ਕਰਨ ਦੇ ਦੋਸ਼ ਲਾਏ ਹਨ। ਉਨ੍ਹਾਂ ਨੇ ਇਸ ਮਾਮਲੇ 'ਚ ਹਸਪਤਾਲ ਦੇ ਕੈਸ਼ੀਅਰ ਹੈਡ ਮੁਕੇਸ਼ ਸ਼ਰਮਾ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਹ ਕਾਲਾਬਜ਼ਾਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕੋਲੋਂ ਸਸਤੀ ਦਵਾਈ ਲੈ ਕੇ 30 ਤੋਂ 50 ਹਜ਼ਾਰ ਰੁਪਏ ਪ੍ਰਤੀ ਡੋਜ਼ ਵੇਚੀ ਜਾ ਰਹੀ ਹੈ। ਇਸ ਦਾ ਖੁਲਾਸਾ ਉਦੋਂ ਹੋਇਆ ਜਦੋਂ ਉਨ੍ਹਾਂ ਨੂੰ ਹਸਪਤਾਲ ਦੀ ਫਾਰਮੈਂਸੀ ਚੋਂ ਉਨ੍ਹਾਂ ਦੇ ਨਾਂਅ ਉੱਤੇ ਰੈਮਡੇਸੀਵਰ ਦਵਾਈ ਤੇ ਰੈਮਡੇਸੀਵਰ ਇੰਜੈਕਸ਼ਨ ਦੀ ਵਿਕ੍ਰੀ ਸਬੰਧੀ ਕੱਟੇ ਗਏ ਬਿਲ ਦੀ ਸੂਚਨਾ ਮਿਲੀ। ਉਨ੍ਹਾਂ ਕਿਹਾ ਮੁਲਜ਼ਮ ਖੁਦ ਤਾਂ ਰੈਮਡੇਸੀਵਰ ਦੀ ਕਾਲਾਬਜ਼ਾਰੀ ਕਰ ਰਹੇ ਹਨ ਪਰ ਬਿੱਲ ਹਸਪਤਾਲ ਦੇ ਡਾਇਰੈਕਟਰਾਂ ਤੇ ਡਾਕਟਰਾਂ ਨੇ ਨਾਂਅ ਉੱਤੇ ਕੱਟ ਰਹੇ ਹਨ। ਇਸ ਤੋਂ ਇਲਾਵਾ ਕਈ ਬਿਲ ਤਾਂ ਸੀਮਿੱਟ ਕੰਪਨੀ ਦੇ ਨਾਂਅ ਉੱਤੇ ਵੀ ਕੱਟੇ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਕਾਲਾਬਜ਼ਾਰੀ ਕਰਨ ਵਾਲਿਆਂ 'ਤੇ ਸਖ਼ਤ ਕਾਰਵਾਈ- ਸਿਹਤ ਮੰਤਰੀ
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਰੈਮਡੇਸੀਵਰ ਦੀ ਹੋ ਰਹੀ ਕਾਲਾਬਾਜ਼ਾਰੀ ਮਾਮਲੇ ਬਾਰੇ ਕਿਹਾ ਕਿ ਮਹਿਜ਼ ਮਾਇਓ ਹਸਪਤਾਲ ਹੀ ਨਹੀਂ ਕਈ ਨਿੱਜੀ ਹਸਪਤਾਲਾਂ ਵੱਲੋਂ ਕੀਤੀ ਜਾ ਰਹੀ ਲੁੱਟ ਨੂੰ ਰੋਕਣ ਲਈ ਮਾਮਲੇ ਦਰਜ ਕੀਤੇ ਜਾ ਰਹੇ ਹਨ। ਇਸ ਸਬੰਧੀ ਵਿਭਾਗ ਵੱਲੋਂ ਜਾਂਚ ਜਾਰੀ ਹੈ ਤੇ ਇਸ ਮਾਮਲੇ 'ਚ ਦੋਸ਼ੀ ਪਾਏ ਜਾਣ ਵਾਲਿਆਂ ਤੇ ਕਾਲਾਬਜ਼ਾਰੀ ਕਰਨ ਵਾਲਿਆਂ 'ਤੇ ਸਖ਼ਤ ਕਾਰਵਾਈ ਹੋਵੇਗੀ।ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ,ਪਰ ਸਿਹਤ ਮੰਤਰੀ ਦੇ ਦਾਅਵਿਆਂ ਤੋਂ ਉਲਟ ਮਾਇਓ ਹੈਲਥ ਕੇਅਰ ਹਸਪਤਾਲ ਖਿਲਾਫ਼ ਜਾਅਲੀ ਬਿਲ ਮਿਲਣ ਤੋਂ ਬਾਅਦ ਵੀ ਹੁਣ ਤੱਕ ਬਣਾਈ ਗਈ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਮੇਟੀ ਵੱਲੋਂ ਕੋਈ ਵੀ ਠੋਸ ਕਾਰਵਾਈ ਨਹੀਂ ਕੀਤੀ ਗਈ।
ਡਾਕਟਰਾਂ ਨੇ ਨਹੀਂ ਛੱਡੀ ਹਿੱਸੇਦਾਰੀ
ਦੱਸ ਦੇਈਏ ਕਿ ਮਾਇਓ ਹਸਪਤਾਲ ਵਿਵਾਦਾਂ ਦੇ ਵਿੱਚ ਆਉਣ ਤੋਂ ਬਾਅਦ ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਪੁਰਾਣੇ CEO ਨੂੰ ਬਦਲ ਦਿੱਤਾ ਗਿਆ ਹੈ। ਹਸਪਤਾਲ ਦੀ ਬਦਨਾਮੀ ਹੋਣ ਦੇ ਬਾਵਜੂਦ ਕੋਈ ਵੀ ਡਾਕਟਰ ਆਪਣੀ ਹਿੱਸੇਦਾਰੀ ਹਸਪਤਾਲ ਚੋਂ ਛੱਡਣ ਦੀ ਹਾਮੀ ਨਹੀਂ ਭਰ ਰਿਹਾ। ਇਸ ਦੇ ਨਾਲ ਹਸਪਤਾਲ ਦੇ ਸਾਰੇ ਹਿੱਸੇਦਾਰਾਂ 'ਤੇ ਸ਼ੱਕ ਪ੍ਰਗਟ ਹੁੰਦਾ ਹੈ। ਹੁਣ ਵੇਖਣਾ ਹੋਵੇਗਾ ਕਿ ਪ੍ਰਸ਼ਾਸਨ ਇਸ ਮਾਮਲੇ ਵਿੱਚ ਕਿਸ ਨੂੰ ਮੁਖ ਦੋਸ਼ੀ ਠਹਿਰਾਉਂਦਾ ਹੈ।