ਮੁਹਾਲੀ: ਪੰਜਾਬ ਅਕਸਾਇਜ਼ ਹੈੱਡ ਦਫ਼ਤਰ ਦੇ ਬਾਹਰ ਪੰਜਾਬ ਭਰ ਤੋਂ ਆਏ ਠੇਕੇਦਾਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਭਰ ਤੋਂ ਆਏ ਠੇਕੇਦਾਰਾਂ ਨੇ ਪੰਜਾਬ ਸਰਕਾਰ ਦੀ ਨਵੀਂ ਐਕਸਾਈਜ਼ ਨੀਤੀ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ।
ਰੋਸ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਨਵੀਂ ਬਣਾਈ ਗਈ ਐਕਸਾਈਜ਼ ਪਾਲਿਸੀ ਛੋਟੇ ਠੇਕੇਦਾਰਾਂ ਦੇ ਅਨੁਕੂਲ ਨਹੀਂ ਬਲਕਿ ਵੱਡੇ ਸ਼ਰਾਬ ਕਾਰੋਬਾਰੀਆਂ ਦੇ ਅਨੁਕੂਲ ਵੱਡੇ ਸਰਕਲ ਬਣਾਕੇ, ਛੋਟੇ ਠੇਕੇਦਾਰਾਂ ਨੂੰ ਖ਼ਤਮ ਕਰਨ ਦੀ ਸਾਜਿਸ਼ ਰਚੀ ਗਈ ਹੈ। ਪੰਜਾਬ ਦੀ ਐਕਸਾਈਜ਼ ਪਾਲਿਸੀ ਫਿਕਸ ਕੋਟੇ ਨਾਲ ਸਹੀ ਰਹੇਗੀ ਨਾ ਕਿ ਓਪਨ ਕੋਟੇ ਨਾਲ, ਆਮ ਆਦਮੀ ਛੋਟੇ ਠੇਕੇਦਾਰ ਹੀ ਹਨ। ਆਮ ਆਦਮੀ ਦੀ ਸਰਕਾਰ ਹੈ ਤਾਂ ਆਮ ਆਦਮੀ ਨੂੰ ਰੁਜ਼ਗਾਰ ਮਿਲਣਾ ਚਾਹੀਦਾ ਹੈ, ਜੇਕਰ ਵੱਡਿਆਂ ਨੂੰ ਮਿਲਣਾ ਹੈ ਤਾਂ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕੋਈ ਫਾਇਦਾ ਹੀ ਨਾ ਹੋਇਆ, ਸਾਰੇ ਘਰ ਬੈਠ ਜਾਣਗੇ ਤੇ ਭੁੱਖੇ ਮਰਨ ਵਾਲੀ ਗੱਲ ਹੋਵੇਗੀ।
ਉਨ੍ਹਾਂ ਅੱਗੇ ਕਿਹਾ ਕਿ ਸਰਕਲ ਛੋਟੇ ਹੋਣੇ ਚਾਹੀਦੇ ਹਨ, ਈ-ਟੈਂਡਰ ਨਹੀਂ ਹੋਣਾ ਚਾਹੀਦਾ ਬਲਕਿ ਪਰਚੀ ਹੋਣੀ ਚਾਹੀਦੀ ਹੈ, ਜੋ ਕਿ ਪਹਿਲਾਂ ਚੱਲਦੀ ਆ ਰਹੀ ਹੈ। ਪਰਚੀ ਵਿਚ ਪਾਰਦ੍ਰਸ਼ਿਤਾ ਹੁੰਦੀ ਹੈ, ਜੋ ਸਭ ਦੇ ਸਾਹਮਣੇ ਹੁੰਦੀ ਹੈ। ਈ-ਟੈਂਡਰ ਤਾਂ ਸਿਰਫ ਵੱਡੇ ਬਿਜ਼ਨਸਮੈਨ ਹੀ ਪਾ ਸਕਦੇ ਹਨ। ਛੋਟੇ ਬਿਜ਼ਨਸਮੈਨ ਕੋਲ ਏਨਾ ਪੈਸਾ ਨਹੀਂ ਕਿ ਉਹ ਵੱਡੇ ਸਰਕਲ ਦੇ ਈ-ਟੈਂਡਰ ਪਾ ਸਕਣ। ਛੋਟੇ ਸਰਕਲ ਦੀ ਕੀਮਤ 5 ਤੋਂ 7 ਕਰੋੜ ਹੋਣੀ ਚਾਹੀਦੀ ਹੈ, ਪਰ ਵੱਡੇ ਸਰਕਲ ਬਣਾਕੇ ਉਸਦੀ ਕੀਮਤ 30 ਤੋਂ 35 ਕਰੋੜ ਕੀਤੀ ਜਾ ਰਹੀ ਹੈ, ਜੋ ਕਿ ਛੋਟੇ ਠੇਕੇਦਾਰਾਂ ਦੇ ਵੱਸ ਦੀ ਗੱਲ ਨਹੀਂ।