ਮੋਹਾਲੀ : ਪੰਜਾਬ ਦੇ ਸਿਹਤ ਮੰਤਰੀ ਦੇ ਸ਼ਹਿਰ ਮੋਹਾਲੀ ਵਿਖੇ ਸਿਹਤ ਵਿਭਾਗ ਅੰਦਰ ਉਸ ਮੌਕੇ ਸਰਕਾਰ ਦੀ ਬਿਜਲੀ ਸੰਕਟ ਪ੍ਰਤੀ ਚਿੰਤਾ ਦੀ ਪੋਲ ਖੁੱਲ੍ਹੀ ਜਦੋਂ ਛੁੱਟੀ ਹੋਣ ਤੋਂ ਬਾਅਦ ਡਾਕਟਰ ਪੱਖੇ ਅਤੇ ਲਾਈਟਾਂ ਚਲਦੇ ਹੀ ਛੱਡ ਗਏ।
ਜਾਣਕਾਰੀ ਲਈ ਦੱਸ ਦੇਈਏ ਪੰਜਾਬ ਸਰਕਾਰ ਵੱਲੋਂ ਸੁਸ਼ਮਾ ਸਵਰਾਜ ਦੇ ਦੇਹਾਂਤ ਦੇ ਚੱਲਦਿਆਂ ਅੱਧੇ ਦਿਨ ਤੋਂ ਬਾਅਦ ਛੁੱਟੀ ਦਾ ਐਲਾਨ ਕੀਤਾ ਗਿਆ ਸੀ ਪਰ ਮੋਹਾਲੀ ਦੇ ਸਿਹਤ ਵਿਭਾਗ ਦੇ ਡਾਕਟਰਾਂ ਨੂੰ ਛੁੱਟੀ ਦੀ ਇੰਨੀ ਖੁਸ਼ੀ ਚੜ੍ਹ ਗਈ ਕਿ ਡਾਕਟਰਾਂ ਵੱਲੋਂ ਵਿਭਾਗ ਦੇ ਪੱਖੇ ਲਾਈਟਾਂ ਵੀ ਬੰਦ ਕਰਨੀਆਂ ਜ਼ਰੂਰੀ ਨਹੀਂ ਸਮਝਿਆ ਗਿਆ।
ਉਹ ਵੀ ਉਸ ਵਕਤ ਜਦੋਂ ਪੰਜਾਬ ਅੰਦਰ ਬਿਜਲੀ ਨੂੰ ਲੈ ਕੇ ਵੱਡੀ ਚਿੰਤਾ ਅਤੇ ਅੰਦੋਲਨ ਚੱਲ ਰਹੇ ਹੋਣ। ਨਾਲ ਹੀ ਇੱਥੇ ਦੱਸਣਾ ਬਣਦਾ ਹੈ ਜਦੋਂ ਸਾਡੀ ਟੀਮ ਵੱਲੋਂ ਇੱਥੋਂ ਦਾ ਦੌਰਾ ਕੀਤਾ ਗਿਆ ਤਾਂ ਡਾਕਟਰ ਸਾਹਿਬਾਨ 1.00 ਵਜੇ ਤੋਂ ਵੀ ਪਹਿਲਾਂ ਹੀ ਆਪਣੇ ਸਥਾਨ ਛੱਡ ਚੁੱਕੇ ਸਨ ਅਤੇ ਬਿਜਲੀ ਪੱਖੇ ਸ਼ਰੇਆਮ ਖੁੱਲੇ ਚੱਲ ਰਹੇ ਸਨ ਜਿਸ ਤੋਂ ਜਾਪਦਾ ਸੀ ਪੰਜਾਬ ਅੰਦਰ ਬਿਜਲੀ ਮੁਫ਼ਤ ਵਿੱਚ ਹੀ ਮਿਲਦੀ ਹੈ।
ਇਹ ਵੀ ਪੜ੍ਹੋ : ਪਿਛਲੇ ਇੱਕ ਸਾਲ ਦੇ ਅੰਦਰ ਦਿੱਲੀ ਨੇ ਗੁਆਏ ਤਿੰਨ ਸਾਬਕਾ ਮੁੱਖ ਮੰਤਰੀ
ਹਾਲਾਂਕਿ ਜਦੋਂ ਇਸ ਸਬੰਧੀ ਵਿਭਾਗ ਦੇ ਪ੍ਰਬੰਧਕਾਂ ਨਾਲ ਗੱਲ ਕਰਨੀ ਚਾਹੀ ਤਾਂ ਉਹ ਵੀ ਇਸ ਪੱਖੋਂ ਲਾਚਾਰ ਹੀ ਨਜ਼ਰ ਆਏ।