ਚੰਡੀਗੜ੍ਹ : ਉਦਯੋਗਾਂ ਨੂੰ ਪ੍ਰਫੁੱਲਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ, ਇਹ ਕਹਿਣਾ ਹੈ ਮੋਰਿੰਡਾ ਦੇ ਕਲਾਸ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਐਮਡੀ ਰਾਮ ਕਨਨ ਦਾ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁਹਾਲੀ ਵਿਖੇ 5 ਤੇ 6 ਦਸੰਬਰ ਨੂੰ ਹੋਣ ਵਾਲਾ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ-2019 ਸਨਅਤ ਨੂੰ ਪ੍ਰਫੁੱਲਿਤ ਕਰਨ ਲਈ ਮੀਲ ਦਾ ਪੱਥਰ ਸਾਬਿਤ ਹੋਵੇਗਾ।
ਇਸ ਦੌਰਾਨ ਮੈਨਜਿੰਗ ਡਾਇਰੈਕਟਰ ਨੇ ਕਿਹਾ ਕਿ ਪੰਜਾਬ ਵਿੱਚ ਸਮਰੱਥਾ ਹੈ ਕਿ ਉਹ ਸਨਅਤ ਪੱਖੋਂ ਦੇਸ਼ ਦਾ ਮੋਹਰੀ ਸੂਬਾ ਬਣ ਸਕਦਾ ਹੈ। ਉਨਾਂ ਕਿਹਾ ਕਿ ਸੂਬੇ ਵਿੱਚ ਵਪਾਰ ਨੂੰ ਸੁਖਾਲਾ ਕਰਨ ਲਈ ਪੰਜਾਬ ਸਰਕਾਰ ਬਹੁਤ ਵਧੀਆਂ ਉਪਰਾਲੇ ਕਰ ਰਹੀ ਹੈ। ਵੱਡੇ ਸਨਅਤਕਾਰਾਂ ਲਈ ਰਾਜ ਵਿੱਚ ਉਦਯੋਗ ਸਥਾਪਿਤ ਕਰਨ ਲਈ ਸਰਕਾਰ ਵੱਲੋਂ ਹਰ ਤਰ੍ਹਾਂ ਦੀਆਂ ਮੁੱਢਲੀਆਂ ਸਹੂਲਤਾਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ।
ਰਾਮ ਕਨਨ ਨੇ ਕਿਹਾ ਕਿ ਪੰਜਾਬ ਵਿੱਚ ਵਿਸ਼ਵ ਪੱਧਰ ਦੇ ਇੰਜਨੀਅਰ ਤੇ ਤਕਨੀਸ਼ੀਅਨ ਹਨ, ਜੋ ਉੱਭਰਦੇ ਉੱਦਮੀਆਂ ਲਈ ਲਾਭਕਾਰੀ ਸਾਬਤ ਹੋ ਸਕਦੇ ਹਨ। ਸਨਅਤਕਾਰ ਤੇ ਇਹ ਤਕਨੀਸ਼ੀਅਨ ਮਿਲ ਕੇ ਰਾਜ ਦੇ ਆਰਥਿਕ ਪੱਖੋਂ ਸੁਨਹਿਰੀ ਦੌਰ ਨੂੰ ਵਾਪਸ ਲਿਆ ਸਕਦੇ ਹਨ। ਉਨ੍ਹਾਂ ਕਿਹਾ ਕਿ ਆਈ.ਬੀ.ਡੀ.ਪੀ.(ਇੰਡਸਟਰੀਅਲ ਐਂਡ ਬਿਜਨਸ ਡਵੈਲਪਮੈਂਟ ਪਾਲੀਸੀ) ਅਧੀਨ ਸਰਕਾਰ ਨੇ ਐਮ.ਐਸ.ਐਮ.ਈ.(ਮਾਇਕਰੋ ਸਮਾਲ ਐਂਡ ਮੀਡੀਅਮ ਇੰਟਰਪ੍ਰਾਇਜ਼) ਨੂੰ ਮੁੱਖ ਖੇਤਰ ਮੰਨਿਆ ਹੈ। ਇਸੇ ਲਈ ਵੱਡੀਆਂ ਇਕਾਈਆਂ ਲਈ ਦਿਲ-ਖਿੱਚਵੇਂ ਵਿੱਤੀ ਲਾਭ ਵਧਾਏ ਗਏ ਹਨ।