ਮੋਹਾਲੀ: ਕੁਰਾਲੀ ਪੁਲਿਸ ਨੇ ਨਾਕੇਬੰਦੀ ਦੌਰਾਨ ਦੋ ਨੌਜਵਾਨਾਂ ਨੂੰ ਦੇਸੀ ਕੱਟੇ ਅਤੇ ਕਾਰਤੂਸ ਦੇ ਨਾਲ ਕਾਬੂ ਕੀਤਾ ਹੈ। ਪੁਲਿਸ ਪਾਰਟੀ ਨੇ ਇੱਕ ਮੁਖਬਰ ਦੀ ਇਤਲਾਹ 'ਤੇ ਏਐੱਸਆਈ ਗੁਰਨਾਮ ਸਿੰਘ ਦੀ ਅਗਵਾਈ ਵਿੱਚ ਨਿਹੋਲਕਾ ਰੋਡ ਉੱਤੇ ਨਾਕਾਬੰਦੀ ਕੀਤੀ। ਇਸੇ ਦੌਰਾਨ ਪੁਲਿਸ ਨੇ ਬਿਨਾਂ ਨੰਬਰ ਪਲੇਟ ਵਾਲੇ ਮੋਟਰਸਾਈਕਲ ਨੂੰ ਰੋਕ ਕੇ ਉਸ ਤੇ ਸਵਾਰ ਨੌਜਵਾਨਾਂ ਤੋਂ ਪੁੱਛਗਿੱਛ ਕਰਦੇ ਹੋਏ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਦੀ ਉਨ੍ਹਾਂ ਕੋਲੋਂ 32 ਬੋਰ ਦਾ ਦੇਸੀ ਕੱਟਾ ਅਤੇ ਚਾਰ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ।
ਬਦਲਾ ਲੈਣ ਲਈ ਯੂਪੀ ਤੋਂ ਖਰੀਦਿਆ ਦੇਸੀ ਕੱਟਾ, ਮੋਹਾਲੀ 'ਚ ਪੁਲਿਸ ਨੇ ਕੀਤਾ ਕਾਬੂ - mohali police
ਪੁਲਿਸ ਨੇ ਦੋ ਅਜਿਹੇ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਜੋ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਨ। ਮੁਲਜ਼ਮਾਂ ਤੋਂ ਦੇਸੀ ਕੱਟਾ ਤੇ ਕਾਰਤੂਸ ਬਰਾਮਦ ਹੋਏ ਹਨ ਜੋ ਇਨ੍ਹਾਂ ਨੇ ਯੂਪੀ ਤੋਂ ਖਰੀਦੇ ਸਨ।
ਪੁਲਿਸ ਨੇ ਦੋਵੇਂ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਤੇ ਕੇਸ ਦਰਜ ਕਰ ਲਿਆ ਹੈ। ਕਾਬੂ ਕੀਤੇ ਹੋਏ ਦੋਨੋਂ ਮੋਟਰਸਾਈਕਲ ਸਵਾਰਾਂ ਦੀ ਪਹਿਚਾਣ ਜਸਵਿੰਦਰ ਸਿੰਘ ਵਾਸੀ ਨਿਹੋਲਕਾ ਅਤੇ ਦਵਿੰਦਰ ਸਿੰਘ ਵਾਸੀ ਮੁੰਧੋਂ ਸੰਗਤੀਆਂ ਜੋ ਹੁਣ ਨਿਹੋਲਕਾ ਪਿੰਡ ਵਿੱਚ ਹੀ ਰਹਿੰਦੇ ਹਨ ਦੇ ਤੌਰ ਤੇ ਹੋਈ ਹੈ।
ਐਸਐਚਓ ਕੁਲਵੰਤ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਦਵਿੰਦਰ ਸਿੰਘ ਨੇ ਇਹ ਦੇਸੀ ਕੱਟਾ ਯੂਪੀ ਮੇਰਠ ਤੋਂ ਖਰੀਦਿਆ ਸੀ ਅਤੇ ਉਹ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਸੀ। ਉਨ੍ਹਾਂ ਦੱਸਿਆ ਕਿ ਦਵਿੰਦਰ ਸਿੰਘ ਦਾ ਹਾਕੀ ਖੇਡਦੇ ਸਮੇਂ ਚੰਡੀਗੜ੍ਹ ਦੇ ਹਾਕੀ ਸਟੇਡੀਅਮ ਵਿੱਚ ਖੁਸ਼ਪ੍ਰੀਤ ਨਾਮਕ ਖਿਡਾਰੀ ਦੇ ਨਾਲ ਝਗੜਾ ਹੋਇਆ ਸੀ ਅਤੇ ਦਵਿੰਦਰ ਸਿੰਘ ਦੀ ਝਗੜੇ ਵਿੱਚ ਲੱਤ ਟੁੱਟ ਗਈ ਸੀ। ਦਵਿੰਦਰ ਸਿੰਘ ਨੇ ਖੁਸ਼ਪ੍ਰੀਤ ਤੋਂ ਬਦਲਾ ਲੈਣ ਲਈ ਪਿਸਤੌਲ ਖਰੀਦਿਆ ਸੀ। ਕੁਲਵੰਤ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਦੋਵੇਂ ਨੌਜਵਾਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਦੋ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ।