ਮੋਹਾਲੀ: ਡੀਐੱਸਪੀ ਅਤੁਲ ਸੋਨੀ ਵੱਲੋਂ ਮੁਹਾਲੀ ਕੋਰਟ 'ਚ ਲਗਾਈ ਗਈ ਜ਼ਮਾਨਤ ਅਰਜ਼ੀ ਨੂੰ ਕੋਰਟ ਨੇ ਨਾ ਮਨਜ਼ੂਰ ਕਰ ਦਿੱਤਾ ਹੈ ਜਿਸ ਤੋਂ ਬਾਅਦ ਹੁਣ ਮੁਹਾਲੀ ਪੁਲੀਸ ਵੱਲੋਂ ਡੀਐਸਪੀ ਅਤੁਲ ਸੋਨੀ ਦੀ ਗ੍ਰਿਫ਼ਤਾਰੀ ਲਈ ਵੱਖ ਵੱਖ ਥਾਂਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਡੀਐੱਸਪੀ ਵੱਲੋਂ ਅਰਜ਼ੀ ਦੇ ਵਿੱਚ ਇਹ ਦਲੀਲ ਦਿੱਤੀ ਗਈ ਸੀ ਕਿ ਪੁਲਿਸ ਵੱਲੋਂ ਉਨ੍ਹਾਂ ਉੱਪਰ ਝੂਠਾ ਮਾਮਲਾ ਦਰਜ ਕੀਤਾ ਗਿਆ ਹੈ ਪਰ ਕੋਰਟ ਨੇ ਇਹ ਦਲੀਲ ਨਹੀਂ ਸੁਣੀ ਅਤੇ ਜ਼ਮਾਨਤ ਅਰਜ਼ੀ ਨੂੰ ਖ਼ਾਰਜ ਕਰ ਦਿੱਤਾ।
ਡੀਐੱਸਪੀ ਅਤੁਲ ਸੋਨੀ ਦੀ ਜ਼ਮਾਨਤ ਅਰਜ਼ੀ ਰੱਦ
ਪਤਨੀ ਤੇ ਜਨਤਕ ਥਾਂ ਤੇ ਕੁੱਟਮਾਰ ਕਰਨ ਦੇ ਮਾਮਲੇ ਚ ਡੀਐਸਪੀ ਅਤੁਲ ਸੋਨੀ ਦੀ ਜ਼ਮਾਨਤ ਅਰਜ਼ੀ ਮੋਹਾਲੀ ਅਦਾਲਤ ਨੇ ਰੱਦ ਕਰ ਦਿੱਤੀ ਹੈ। ਪੁਲਿਸ ਵੱਲੋਂ ਅਤੁਲ ਸੋਨੀ ਦੀ ਗ੍ਰਿਫ਼ਤਾਰੀ ਲਈ ਵੱਖ ਵੱਖ ਥਾਂਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਕਿ ਅਤੁਲ ਸੋਨੀ ਵੱਲੋਂ ਹੁਣ ਜਮਾਨਤ ਦੇ ਲਈ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਜਾ ਸਕਦਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਡੀਐੱਸਪੀ ਅਤੁਲ ਸੋਨੀ ਦੀ ਪਤਨੀ ਵੀਰਵਾਰ ਨੂੰ ਖੁਦ ਕੋਰਟ ਦੇ ਵਿੱਚ ਪੇਸ਼ ਹੋਈ ਅਤੇ ਨਾਲ ਹੀ ਉਨ੍ਹਾਂ ਦੇ ਵਕੀਲ ਵੀ ਮੌਜੂਦ ਰਹੇ। ਇਸ ਦੌਰਾਨ ਉਨ੍ਹਾਂ ਦੇ ਵਕੀਲ ਨੇ ਕਿਹਾ ਕਿ ਪੁਲਿਸ ਨੇ ਅਤੁਲ ਸੋਨੀ ਦੇ ਖਿਲਾਫ ਝੂਠਾ ਕੇਸ ਦਰਜ ਕੀਤਾ ਹੈ।
ਅਤੁਲ ਸੋਨੀ ਦੀ ਪਤਨੀ ਸੁਨੀਤਾ ਸੋਨੀ ਨੇ ਵੀ ਕਿਹਾ ਕਿ ਇਹ ਉਨ੍ਹਾਂ ਦਾ ਘਰੇਲੂ ਮਸਲਾ ਸੀ ਅਤੇ ਫਿਰ ਉਨ੍ਹਾਂ ਨੇ ਗੁੱਸੇ ਵਿੱਚ ਇੱਕ ਆਪਣੀ ਸ਼ਿਕਾਇਤ ਪੁਲਿਸ ਨੂੰ ਦਰਜ ਕਰਵਾਈ ਸੀ ਜਿਸ ਨੂੰ ਪੁਲਿਸ ਨੇ ਕੁਝ ਹੋਰ ਹੀ ਰੰਗ ਦੇ ਦਿੱਤਾ ਅਤੇ ਅਪਰਾਧਿਕ ਧਾਰਾਵਾਂ ਲਗਾਈਆਂ ਗਈਆਂ ਜੋ ਕਿ ਇਸ ਕੇਸ ਵਿਚ ਤਾਂ ਬਿਲਕੁਲ ਹੀ ਨਹੀਂ ਬਣਦੀਆਂ ਸਨ। ਸੁਨੀਤਾ ਸੋਨੀ ਨੇ ਕੋਰਟ ਨੂੰ ਐਫੀਡੇਵਿਟ ਵੀ ਦਿੱਤਾ ਹੈ ਜਿਸ ਵਿੱਚ ਉਨ੍ਹਾਂ ਨੇ ਆਪਣੀ ਦਰਖਾਸਤ ਵਾਪਸ ਲੈਣ ਦੀ ਗੱਲ ਕਹੀ ਹੈ ਪਰ ਕੋਰਟ ਵੱਲੋਂ ਅਤੁਲ ਸੋਨੀ ਦੀ ਜ਼ਮਾਨਤ ਅਰਜ਼ੀ ਨਾ ਮਨਜ਼ੂਰ ਕਰ ਦਿੱਤੀ ਗਈ।