ਮੋਹਾਲੀ: ਫ਼ੇਜ਼ 6 ਦੇ ਜ਼ਿਲ੍ਹਾ ਸਰਕਾਰੀ ਹਸਪਤਾਲ ਵਿੱਚ ਕੱਲ੍ਹ ਮੀਂਹ ਕਾਰਨ ਪਾਣੀ ਭਰ ਗਿਆ। ਇੰਨਾ ਹੀ ਨਹੀਂ ਹਸਪਤਾਲ ਦੇ ਐਮਰਜੈਂਸੀ ਵਾਰਡ ਦੀਆਂ ਛੱਤਾਂ ਵੀ ਚੋਅ ਰਹੀਆਂ ਹਨ। ਜੱਚਾ ਬੱਚਾ ਵਾਰਡ ਦੇ ਵਿੱਚ ਪੂਰੀ ਤਰ੍ਹਾਂ ਪਾਣੀ ਭਰਿਆ ਹੋਣ ਕਾਰਨ, ਬੱਚਿਆਂ ਨੂੰ ਉੱਥੋਂ ਸ਼ਿਫ਼ਟ ਕੀਤਾ ਜਾਣ ਲੱਗਾ।
ਹਸਪਤਾਲ ਦੇ ਹਾਲਾਤ ਇਹ ਬਣ ਗਏ ਹਨ ਕਿ ਅਮਰਜੈਂਸੀ ਦੇ ਵੀ ਮਰੀਜ਼ ਉੱਠ ਉੱਠ ਕੇ ਭੱਜਣ ਲੱਗੇ, ਕਿਉਂਕਿ ਉੱਥੇ ਵੀ ਪਾਣੀ ਭਰਨ ਲੱਗਾ। ਦੂਜੇ ਪਾਸੇ ਬਿਜਲੀ ਦੀਆਂ ਤਾਰਾਂ ਦੀਵਾਰਾਂ ਅੰਦਰ ਹਨ ਅਤੇ ਉਨ੍ਹਾਂ ਦੇ ਵਿੱਚੋਂ ਹੀ ਪਾਣੀ ਚੋ ਜਾਣ ਕਾਰਨ, ਜੋ ਇੱਕ ਵੱਡੇ ਹਾਦਸੇ ਨੂੰ ਦਾਵਤ ਦੇ ਰਿਹਾ ਹੈ। ਮੌਕੇ ਉੱਤੇ ਉੱਥੇ ਕੋਈ ਵੀ ਪ੍ਰਬੰਧ ਕਰਨ ਲਈ ਕਰਮਚਾਰੀ ਵੀ ਮੌਜੂਦ ਨਹੀਂ ਸੀ। ਬੱਸ ਸੀ ਤਾਂ, ਕੁਝ ਮਰੀਜ਼ ਤੇ ਮਜਬੂਰ ਡਾਕਟਰ ਹਾਲਾਂਕਿ ਡਾਕਟਰਾਂ ਨੇ ਕੈਮਰੇ ਅੱਗੇ ਆਉਣ ਤੋਂ ਮਨ੍ਹਾ ਕਰ ਦਿੱਤਾ, ਪਰ ਮਰੀਜ਼ਾਂ ਨੇ ਆਪਣੀ ਹਾਲ ਬਿਆਨੀ ਜ਼ਰੂਰ ਸੁਣਾਇਆ।
ਮਰੀਜ਼ ਨੂੰ ਵੇਖਣ ਆਏ ਰਿਸ਼ਤੇਦਾਰ ਨੇ ਕਿਹਾ ਕਿ ਉਨ੍ਹਾਂ ਦਾ ਮਰੀਜ਼ ਗਿੱਲਾ ਹੋ ਗਿਆ ਜਿਸ ਕਰਕੇ ਉਸ ਨੂੰ ਉਸ ਜਗ੍ਹਾ ਤੋਂ ਉਠਾਉਣਾ ਪਿਆ ਅਤੇ ਉਨ੍ਹਾਂ ਨੂੰ ਡਰ ਲੱਗ ਰਿਹਾ ਹੈ ਕਿ ਇਹ ਇਮਾਰਤ ਕਿਸੇ ਵੀ ਸਮੇਂ ਡਿੱਗ ਸਕਦੀ ਹੈ। ਉੱਥੇ ਹੀ ਇੱਕ ਮਾਤਾ ਦਾ ਕਹਿਣਾ ਰਿਹਾ ਕਿ ਉਨ੍ਹਾਂ ਨੂੰ ਅੰਦਰ ਖੜੇ ਡਰ ਲੱਗ ਰਿਹਾ ਹੈ, ਇਸ ਲਈ ਉਹ ਬਾਹਰ ਖੜ੍ਹੇ ਹਨ। ਅੰਦਰ ਵੀ ਨਹੀਂ ਜਾ ਰਹੇ ਕਿਉਂਕਿ ਪਾਣੀ-ਪਾਣੀ ਹੋ ਜਾਣ ਕਾਰਨ ਉਨ੍ਹਾਂ ਨੂੰ ਠੰਡ ਲੱਗ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਾਰੀ ਨਾਲਾਇਕੀ ਸਰਕਾਰ ਦੀ ਹੀ ਹੈ। ਉਧਰ ਇੱਕ ਹੋਰ ਅਸਥਮਾ ਦੇ ਮਰੀਜ਼ ਨੇ ਸਰਕਾਰ ਦੇ ਉੱਪਰ ਹੀ ਇਸ ਦਾ ਭਾਂਡਾ ਭੰਨਿਆ।
ਇੱਥੇ ਦੱਸਣਾ ਬਣਦਾ ਹੈ ਕਿ ਸਰਕਾਰੀ ਹਸਪਤਾਲ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਜਿਸ ਕਰਕੇ ਪੁਰਾਣੀ ਥਾਂ 'ਤੇ ਐਮਰਜੈਂਸੀ ਬਣਾਈ ਹੋਈ ਹੈ, ਪਰ ਉਸ ਦੇ ਹਾਲਾਤ ਇਹ ਹਨ ਕਿ ਕਿਸੇ ਸਮੇਂ ਵੀ ਡਿੱਗ ਸਕਦੀ ਅਤੇ ਬੀਤੀ ਰਾਤ ਪਏ ਮੀਂਹ ਤੋਂ ਬਾਅਦ ਤਾਂ ਸਾਰੀ ਇਮਾਰਤ ਹੀ ਚੋਣ ਲੱਗ ਪਈ। ਹੁਣ ਖ਼ਤਰੇ ਦੀ ਘੰਟੀ ਇਹ ਹੈ ਕਿ ਕਿਸੇ ਵੀ ਸਮੇਂ ਹਸਪਤਾਲ ਵਿੱਚੋਂ ਕਰੰਟ ਆ ਸਕਦਾ ਹੈ, ਕਿਉਂਕਿ ਨੰਗੀਆਂ ਤਾਰਾਂ ਵਿੱਚੋਂ ਹੀ ਪਾਣੀ ਚੋ ਰਿਹਾ ਹੈ, ਪਰ ਪ੍ਰਸ਼ਾਸਨ ਵੱਲੋਂ ਇਸ ਲਈ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ। ਕੀ ਪ੍ਰਸ਼ਾਸਨ ਕੋਈ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਿਹਾ ਹੈ। ਹੈਰਾਨੀ ਤਾਂ ਇੱਥੇ ਹੁੰਦੀ ਹੈ ਕਿ ਇਹ ਸਿਹਤ ਮੰਤਰੀ ਬਲਬੀਰ ਸਿੰਘ ਦੇ ਖੁਦ ਦੇ ਸ਼ਹਿਰ ਦਾ ਹਸਪਤਾਲ ਹੈ ਜਿਸ ਦੀ ਇਹ ਹਾਲਤ ਇਹ ਬਣੀ ਹੋਈ ਹੈ ਤੇ ਪੂਰੇ ਸੂਬੇ ਦੇ ਹਾਲਾਤ ਕੀ ਹੋਣਗੇ।
ਇਹ ਵੀ ਪੜ੍ਹੋ: ਓਡੀਸ਼ਾ ਵਿੱਚ ਖੰਡਗਿਰੀ ਝੁੱਗੀਆਂ ਦੇ ਬੱਚਿਆਂ ਦਾ ਪਲਾਸਟਿਕ ਦੀ ਮੁਸ਼ਕਿਲ ਨਾਲ ਨਜਿੱਠਣ ਵਿੱਚ ਅਹਿਮ ਯੋਗਦਾਨ