ਚੰਡੀਗੜ੍ਹ: ਮੁਹਾਲੀ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਨੂੰ ਅੰਜ਼ਾਮ ਦਿੱਤਾ ਹੈ। ਦਰਾਅਸਰ ਲਾਂਡਰਾਂ ਰੋਡ 'ਤੇ ਮੁਹਾਲੀ ਸੀਆਈਏ ਟੀਮ ਨੇ 2 ਬਦਮਾਸ਼ਾਂ ਨੂੰ ਘੇਰ ਲਿਆ ਤੇ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਸ਼ੁਰੂ ਹੋ ਗਈ। ਇਸ ਗੋਲੀਬਾਰੀ ਤੋਂ ਬਾਅਦ ਬਦਮਾਸ਼ ਪ੍ਰਿੰਸ ਨੂੰ ਦੋ ਗੋਲੀਆਂ ਲੱਗੀਆਂ ਤੇ ਉਹ ਜ਼ਖ਼ਮੀ ਹੋ ਗਿਆ, ਉਥੇ ਹੀ ਦੂਜਾ ਮੁਲਜ਼ਮ ਵੀ ਗੰਭੀਰ ਜ਼ਖ਼ਮੀ ਹੈ। ਪੁਲਿਸ ਨੇ ਪ੍ਰਿੰਸ ਅਤੇ ਉਸ ਦੇ ਕਰਮਜੀਤ ਨੂੰ ਜ਼ਖਮੀ ਹਾਲਤ 'ਚ ਗ੍ਰਿਫਤਾਰ ਕਰ ਲਿਆ ਹੈ। ਬਦਮਾਸ਼ ਪ੍ਰਿੰਸ ਰਾਜਪੁਰੇ ਦਾ ਰਹਿਣ ਵਾਲਾ ਹੈ, ਜਦਕਿ ਦੂਜਾ ਮੁਲਜ਼ਮ ਕਰਮਜੀਤ ਹਰਿਆਣਾ ਦੇ ਕੁਰੂਕਸ਼ੇਤਰ ਦਾ ਰਹਿਣ ਵਾਲਾ ਹੈ।
ਇੱਕ ਵੱਡੀ ਸਫਲਤਾ ਵਿੱਚ ਮੋਹਾਲੀ ਪੁਲਿਸ ਅਤੇ CIA ਟੀਮ ਨੇ ਬਦਮਾਸ਼ਾਂ ਨਾਲ ਹੋਈ ਗੋਲੀਬਾਰੀ ਦੌਰਾਨ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ 2 ਬਦਨਾਮ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੋਵੇਂ ਗੰਭੀਰ ਜ਼ਖਮੀ ਹਨ ਅਤੇ ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਹੈ। ਇਨ੍ਹਾਂ ਖ਼ਿਲਾਫ਼ ਅੱਧੀ ਦਰਜਨ ਤੋਂ ਵੱਧ ਕੇਸ ਦਰਜ ਹਨ।- ਗੌਰਵ ਯਾਦਵ, ਡੀਜੀਪੀ ਪੰਜਾਬ
ਨਾਕਾ ਤੋੜਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ ਮੁਲਜ਼ਮ: ਦੱਸਿਆ ਜਾ ਰਿਹਾ ਹੈ ਕਿ ਪ੍ਰਿੰਸ ਨਾਕਾ ਤੋੜ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਪੁਲਿਸ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਬਦਮਾਸ਼ਾਂ ਨੇ ਜਦੋਂ ਪੁਲਿਸ ਪਿੱਛਾ ਕਰਦੇ ਦੇਖਿਆ ਤਾਂ ਉਹਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਗੋਲੀ ਲੱਗਣ ਕਾਰਨ ਪੁਲਿਸ ਦੀ ਕਾਰ ਦਾ ਅਗਲਾ ਸ਼ੀਸ਼ਾ ਟੁੱਟ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਵੀ ਫਾਇਰਿੰਗ ਸ਼ੁਰੂ ਕਰ ਦਿੱਤੀ, ਪੁਲਿਸ ਵੱਲੋਂ ਕੀਤੀ ਫਾਇਰਿੰਗ ਦੌਰਾਨ ਪ੍ਰਿੰਸ ਅਤੇ ਉਸ ਦੇ ਸਾਥੀ ਜਖ਼ਮੀ ਹੋ ਗਏ। ਜਿਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ।
ਚੋਰੀ ਅਤੇ ਫਿਰੌਤੀ ਦੇ ਮਾਮਲਿਆਂ ਵਿੱਚ ਲੋੜੀਂਦਾ ਸੀ ਮੁਲਜ਼ਮ ਪ੍ਰਿੰਸ: ਮੁਕਾਬਲੇ ਵਿੱਚ ਪ੍ਰਿੰਸ ਦੇ ਪੱਟ ਅਤੇ ਗੋਡੇ ਵਿੱਚ ਗੋਲੀ ਲੱਗੀ ਹੈ। ਪੁਲਿਸ ਨੇ ਦੱਸਿਆ ਕਿ ਪ੍ਰਿੰਸ ਕਾਰ ਚੋਰੀ ਅਤੇ ਫਿਰੌਤੀ ਦੇ ਮਾਮਲਿਆਂ ਵਿੱਚ ਲੋੜੀਂਦਾ ਸੀ ਤੇ ਪੁਲਿਸ ਕਈ ਦਿਨਾਂ ਤੋਂ ਉਸ ਦੀ ਭਾਲ ਕਰ ਰਹੀ ਸੀ। ਮੁਹਾਲੀ ਦੇ ਡੀਐਸਪੀ ਗੁਰਸ਼ਰਨ ਸਿੰਘ ਸੰਧੂ ਨੇ ਦੱਸਿਆ ਕਿ ਮੁਲਜ਼ਮ ਪ੍ਰਿੰਸ 7 ਤੋਂ 8 ਕੇਸਾਂ ਵਿੱਚ ਲੋੜੀਂਦਾ ਸੀ।